ਸਰਕਾਰ ਦਾ ਹੁਕਮ : ਜਨਰਲ ਵਰਗ ਦੇ ਮੁੰਡਿਆਂ ਨੂੰ ਨਹੀਂ ਮਿਲਣਗੀਆਂ ਮੁਫ਼ਤ ਵਰਦੀਆਂ

0
303

ਮੁਹਾਲੀ| ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਦੇ ਹੁਕਮ ਹੋ ਗਏ ਹਨ। ਪਹਿਲੀ ਤੋਂ ਅੱਠਵੀਂ ਜਮਾਤ ਤਕ ਦੇ ਐੱਸਸੀ/ਐੱਸਟੀ ਅਤੇ ਬੀਪੀਐੱਲ ਪਰਿਵਾਰਾਂ ਦੇ ਪ੍ਰਤੀ-ਵਿਦਿਆਰਥੀ/ਵਿਦਿਆਰਥਣਾਂ ਲਈ 600 ਰੁਪਏ ਦੀ ਗ੍ਰਾਂਟ ਤੈਅ ਕੀਤੀ ਗਈ ਹੈ।

ਵੇਰਵਿਆਂ ਅਨੁਸਾਰ ਇਨ੍ਹਾਂ ਕਲਾਸਾਂ ’ਚ ਕੁੱਲ 15 ਲੱਖ 44 ਹਜ਼ਾਰ 930 ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਨੂੰ ਵਰਦੀਆਂ ਦੇਣ ਲਈ 92 ਕਰੋੜ 69 ਲੱਖ 58 ਹਜ਼ਾਰ ਰੁਪਏ ਖ਼ਰਚ ਹੋਣਗੇ। ਹਾਲਾਂਕਿ ਸਕੂਲ ਅਧਿਆਪਕਾਂ ਦੀ ਮੰਗ ਸੀ ਕਿ ਜਨਰਲ ਕੁੜੀਆਂ ਵਾਂਗ ਜਨਰਲ ਮੁੰਡਿਆਂ ਨੂੰ ਵੀ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆਂ ਜਾਣ ਪਰ ਪੰਜਾਬ ਸਰਕਾਰ ਨੇ ਇਸ ਗੱਲ ’ਤੇ ਗੌਰ ਨਹੀਂ ਕੀਤਾ।

ਤੈਅ ਕੀਤੀ ਕੁੱਲ ਰਾਸ਼ੀ ’ਚ ਮੁੰਡਿਆਂ ਲਈ ਪੈਂਟ-ਕਮੀਜ਼, ਬੂਟ-ਜੁਰਾਬਾਂ, ਸਵੈਟਰ, ਪਟਕਾ ਤੇ ਗਰਮ ਟੋਪੀ ਖ਼ਰੀਦਣੀ ਹੋਵੇਗੀ। ਅੱਪਰ-ਪ੍ਰਾਇਮਰੀ ਜਮਾਤਾਂ ਦੀਆਂ ਵਿਦਿਆਰਥਣਾਂ ਸੂਟ-ਸਲਵਾਰ ’ਚ ਹੀ ਸਕੂਲ ਆਉਣਗੀਆਂ ਪਰ ਇਨ੍ਹਾਂ ਨੂੰ ਇਸ ਦੇ ਨਾਲ-ਨਾਲ ਬੂਟ-ਜੁਰਾਬਾਂ, ਸਵੈਟਰ 600 ਰੁਪਏ ’ਚ ਮੁਹੱਈਆ ਕਰਵਾਉਣਾ ਹੋਵੇਗਾ। ਪ੍ਰਾਇਮਰੀ ਸਕੂਲਾਂ ਵਾਸਤੇ ਕੁੜੀਆਂ ਲਈ ਪੈਂਟ-ਕਮੀਜ਼ ਜਾਂ ਸੂਟ-ਸਲਵਾਰ ,ਦੁਪੱਟਾ, ਬੂਟ-ਜੁਰਾਬਾਂ ਤੇ ਸਵੈਟਰ ਖ਼ਰੀਦਣ ਦੇ ਹੁਕਮ ਹੋਏ ਹਨ।

ਵੇਰਵਿਆਂ ਅਨੁਸਰ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ’ਚ 8 ਲੱਖ 39 ਹਜ਼ਾਰ 192 ਕੁੜੀਆਂ ਪੜ੍ਹਦੀਆਂ ਹਨ, ਜਿਨ੍ਹਾਂ ਵਾਸਤੇ 50 ਕਰੋੜ 35 ਲੱਖ 15 ਹਜ਼ਾਰ ਰੁਪਏ ਜਾਰੀ ਹੋਏ ਹਨ। ਇਸੇ ਤਰ੍ਹਾਂ 5 ਲੱਖ 46 ਹਜ਼ਾਰ 359 ਐੱਸਸੀ ਮੁੰਡਿਆਂ ਦੀਆਂ ਵਰਦੀਆਂ ’ਤੇ 32 ਕਰੋੜ 38 ਲੱਖ 15 ਹਜ਼ਾਰ ਰੁਪਏ ਖ਼ਰਚ ਹੋਣਗੇ। ਅਗਲੀ ਸ਼੍ਰੇਣੀ ਗਰੀਬੀ ਰੇਖਾ ਤੋਂ ਹੇਠਲੇ (ਬੀਪੀਐੱਲ) ਪਰਿਵਾਰਾਂ ਦੀ ਹੈ, ਜਿਨ੍ਹਾਂ ਦੇ 1 ਲੱਖ 59 ਹਜ਼ਾਰ 379 ਮੁੰਡਿਆਂ ਵਾਸਤੇ 9 ਕਰੋੜ 56 ਲੱਖ 27 ਹਜ਼ਾਰ ਰੁਪਏ ਦੀ ਗ੍ਰਾਂਟ ਤੈਅ ਹੋਈ ਹੈ।