ਗੋਰਾਇਆ | ਹਲਕਾ ਦੀਨਾਨਗਰ ਅਧੀਨ ਅੱਡਾ ਮਗਰਮੁਦੀਆ ‘ਚ ਸਵੇਰੇ 5.30 ਵਜੇ ਸਾਈਕਲ ਸਵਾਰ ਪਤੀ-ਪਤਨੀ ਨੂੰ ਇਕ ਤੇਜ਼ ਰਫਤਾਰ ਕਾਰ ਸਵਾਰ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਹਾਦਸੇ ‘ਚ ਪਤੀ ਦੀ ਮੌਕੇ ‘ਤੇ ਮੌਤ, ਜਦਕਿ ਪਤਨੀ ਦੀ ਸਿਵਲ ਹਸਪਤਾਲ ‘ਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ 5 ਵਜੇ ਪਿੰਡ ਮਗਰਮੁਦੀਆ ‘ਚ ਰੋਜ਼ਾਨਾ ਦੀ ਤਰ੍ਹਾਂ ਤਰਸੇਮ ਮਸੀਹ (62) ਆਪਣੀ ਪਤਨੀ ਸੋਨੀਆ (61) ਨਾਲ ਕੰਮ ਲਈ ਸਾਈਕਲ ‘ਤੇ ਆ ਰਿਹਾ ਸੀ। ਦੋਵੇਂ ਜਦੋਂ ਅੱਡਾ ਮਗਰਮੁਦੀਆ ਨੇੜੇ ਪਹੁੰਚੇ ਤਾਂ ਗੁਰਦਾਸਪੁਰ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੇ ਦੋਵਾਂ ਨੂੰ 3-4 ਫੁੱਟ ਤੱਕ ਉਛਾਲ ਦਿੱਤਾ, ਜਿਸ ਕਾਰਨ ਸੜਕ ‘ਤੇ ਡਿੱਗਣ ਕਾਰਨ ਪਤੀ ਦੀ ਉਸੇ ਸਮੇਂ ਮੌਤ ਹੋ ਗਈ ਤੇ ਪਤਨੀ ਜ਼ਖਮੀ ਹੋ ਗਈ। ਸਿਵਲ ਹਸਪਤਾਲ ਗੁਰਦਾਸਪੁਰ ‘ਚ ਇਲਾਜ ਲਈ ਜਦੋਂ ਪਤਨੀ ਨੂੰ ਪਹੁੰਚਾਇਆ ਗਿਆ ਤਾਂ ਇਸ ਨੇ ਵੀ ਦਮ ਤੋੜ ਦਿੱਤਾ।