ਡੇਰਾ ਬਾਬਾ ਨਾਨਕ | ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਪੈਸੰਜਰ ਟਰਮੀਨਲ ਨੂੰ ਵਾਈ-ਫਾਈ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਹਾਈ ਸਪੀਡ ਵਾਈ-ਫਾਈ ਸਹੂਲਤ ਮੁਫ਼ਤ ਮਿਲੇਗੀ।
ਦੱਸਣਯੋਗ ਹੈ ਕਿ ਪੈਸੰਜਰ ਟਰਮੀਨਲ ’ਚ ਨੈੱਟਵਰਕ ਨਾ ਆਉਣ ਕਾਰਨ ਸ਼ਰਧਾਲੂਆਂ ਦੇ ਮੋਬਾਇਲ ਖਿਡੌਣੇ ਸਾਬਤ ਹੋ ਰਹੇ ਸਨ। ਜਾਣਕਾਰੀ ਅਨੁਸਾਰ ਬੀਐੱਸਐੱਨਐੱਲ ਕੰਪਨੀ ਦੇ ਥਾਂ-ਥਾਂ ’ਤੇ ਮਾਡਮ ਲਾਏ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਈ-ਫਾਈ ਦੀ ਰੇਂਜ ਪੂਰੇ ਟਰਮੀਨਲ ’ਚ ਹੋਵੇਗੀ। ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤ ’ਚ ਫੋਨ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਸ਼ਰਧਾਲੂ ਹਰਦੇਵ ਸਿੰਘ, ਵਿਕਰਮਜੀਤ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਸਰਹੱਦੀ ਖੇਤਰ ਤੋਂ ਇਲਾਵਾ ਪੈਸੰਜਰ ਟਰਮੀਨਲ ’ਚ ਮੋਬਾਇਲ ਫੋਨਾਂ ’ਚ ਨੈੱਟਵਰਕ ਨਾ ਆਉਣ ਕਾਰਨ ਕਾਫੀ ਦਿੱਕਤ ਆ ਰਹੀ ਸੀ। ਵਾਈ-ਫਾਈ ਨੈੱਟਵਰਕ ਕਾਰਨ ਨਾਨਕ ਨਾਮਲੇਵਾ ਸੰਗਤ ’ਚ ਖੁਸ਼ੀ ਦੀ ਲਹਿਰ ਹੈ।