ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਸੂਬੇ ‘ਚ 2 ਅਪ੍ਰੈਲ ਨੂੰ ਰਾਤ 12 ਵਜੇ ਤੋਂ 2 ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ। ਇਹ ਟੋਲ ਪਲਾਜ਼ੇ ਮਾਨਸਾ-ਲੁਧਿਆਣਾ ਰੋਡ ਉਤੇ ਮਹਿਲ ਕਲਾਂ ਅਤੇ ਮੁਲਾਂਪੁਰ ਨੇੜੇ ਸਥਿਤ ਹਨ। ਇਨ੍ਹਾਂ ਦੇ ਬੰਦ ਹੋਣ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ-ਬਰਨਾਲਾ ਰਾਜ ਮਾਰਗ ‘ਤੇ ਸਥਿਤ 2 ਟੋਲ ਪਲਾਜ਼ੇ 2 ਅਪ੍ਰੈਲ ਤੋਂ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਰਿਆਇਤ ਦੀ ਮਿਆਦ ਖਤਮ ਹੋਣ ਕਾਰਨ ਰਕਬਾ (ਲੁਧਿਆਣਾ ਦੇ ਮੁੱਲਾਂਪੁਰ ਨੇੜੇ) ਅਤੇ ਮਹਿਲ ਕਲਾਂ (ਨੇੜੇ ਬਰਨਾਲਾ) ਟੋਲ ਪਲਾਜ਼ਿਆਂ ‘ਤੇ 2 ਅਪ੍ਰੈਲ ਨੂੰ ਕੰਮਕਾਜ ਬੰਦ ਹੋ ਜਾਵੇਗਾ। ਲੁਧਿਆਣਾ ਜ਼ਿਲੇ ‘ਚ ਸਥਿਤ ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ ਰਾਜ ਮਾਰਗ 57.94 ਕਿਲੋਮੀਟਰ ਲੰਬਾ ਹੈ।
ਪੰਜਾਬ ਸਰਕਾਰ ਨੇ ਹਾਈਵੇ ਨੂੰ ਬਿਹਤਰ ਬਣਾਉਣ ਲਈ 2007 ‘ਚ ਬਣਾਓ, ਚਲਾਓ ਅਤੇ ਟਰਾਂਸਫਰ (ਬੀਓਟੀ) ਸਕੀਮ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਪ੍ਰੋਜੈਕਟ ਲਈ ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਨਾਲ 17 ਸਾਲਾਂ ਲਈ ਸਮਝੌਤਾ ਕੀਤਾ ਗਿਆ। ਹੁਣ ਇਸ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।