ਨਵੀਂ ਦਿੱਲੀ, 4 ਦਸੰਬਰ | ਨਵੇਂ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਆਪਣੇ ਕਰੋੜਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੇਂਦਰ ਸਰਕਾਰ ਨੇ ਜੁਲਾਈ 2024 ਵਿਚ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA) ਵਧਾ ਕੇ 53% ਕਰ ਦਿੱਤਾ ਸੀ। ਮਹਿੰਗਾਈ ਭੱਤੇ ਵਿਚ ਵਾਧੇ ਦੇ ਨਾਲ-ਨਾਲ ਮੁਲਾਜ਼ਮਾਂ ਦੇ ਹੋਰ ਵੱਡੇ ਭੱਤਿਆਂ ਵਿਚ ਵੀ ਵਾਧਾ ਹੋਇਆ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਨਿਯਮਾਂ ਮੁਤਾਬਕ ਜਦੋਂ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਮੁੱਢਲੀ ਤਨਖ਼ਾਹ ਦੇ 50 ਫ਼ੀਸਦੀ ਤੋਂ ਵੱਧ ਹੋ ਜਾਂਦਾ ਹੈ ਤਾਂ ਹੋਰ ਵੱਡੇ ਭੱਤੇ ਵੀ ਆਪਣੇ ਆਪ ਬਦਲ ਜਾਣਗੇ। ਅਜਿਹੇ ‘ਚ ਮਹਿੰਗਾਈ ਭੱਤਾ 53 ਫੀਸਦੀ ਹੋਣ ਨਾਲ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਹੋਰ ਭੱਤੇ ਵੀ ਵਧ ਗਏ ਹਨ। ਇਸ ਤਹਿਤ ਡਰੈਸ ਭੱਤਾ ਅਤੇ ਨਰਸਿੰਗ ਭੱਤੇ ਵਿੱਚ 25% ਦਾ ਵਾਧਾ ਕੀਤਾ ਗਿਆ ਹੈ।
ਪਹਿਰਾਵੇ ਅਤੇ ਨਰਸਿੰਗ ਭੱਤੇ ਵਿਚ ਵਾਧਾ
ਸਿਹਤ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਕੇਂਦਰੀ ਸਰਕਾਰੀ ਹਸਪਤਾਲਾਂ ਅਤੇ ਏਮਜ਼ ਨਵੀਂ ਦਿੱਲੀ, ਪੀਜੀਆਈਐਮਈਆਰ ਚੰਡੀਗੜ੍ਹ, ਜੇਆਈਪੀਐਮਈਆਰ ਪਾਂਡੀਚੇਰੀ ਵਰਗੀਆਂ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਪਹਿਰਾਵੇ ਅਤੇ ਨਰਸਿੰਗ ਭੱਤੇ ਵਿਚ 25% ਦਾ ਵਾਧਾ ਕੀਤਾ ਜਾਵੇਗਾ। ਇਸ ਦਾ ਉਦੇਸ਼ ਕਰਮਚਾਰੀਆਂ ਦੀਆਂ ਮਹਿੰਗਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (MoH&FW) ਨੇ ਹਾਲ ਹੀ ਵਿਚ ਯੋਗ ਕਰਮਚਾਰੀਆਂ ਲਈ ਪਹਿਰਾਵੇ (dress) ਭੱਤੇ ਅਤੇ ਨਰਸਿੰਗ ਭੱਤੇ ਵਿੱਚ 25% ਵਾਧੇ ਦਾ ਐਲਾਨ ਕੀਤਾ ਹੈ। ਇਹ ਸਰਕਾਰੀ ਨਿਯਮ ਦੇ ਅਨੁਸਾਰ ਹੈ ਜਿਸ ਦੇ ਅਨੁਸਾਰ ਜਦੋਂ ਵੀ ਡੀਏ 50% ਦੀ ਸੀਮਾ ਨੂੰ ਪਾਰ ਕਰਦਾ ਹੈ ਤਾਂ ਵਿਸ਼ੇਸ਼ ਭੱਤਿਆਂ ਵਿੱਚ ਸੋਧ ਕੀਤੀ ਜਾਂਦੀ ਹੈ।
ਸਾਰੀਆਂ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਵੇਂ ਭੱਤੇ ਤੁਰੰਤ ਲਾਗੂ ਕਰਨ ਅਤੇ ਅਗਸਤ 2017 ਦੇ ਨਿਯਮਾਂ ਦੀ ਪਾਲਣਾ ਕਰਨ। ਮੁਲਾਜ਼ਮਾਂ ਨੂੰ ਭੱਤਿਆਂ ਦਾ ਲਾਭ ਸਮੇਂ ਸਿਰ ਦੇਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।