ਗੋਲਡੀ ਬਰਾੜ ਦੀ ਬੰਬੀਹਾ ਗਰੁੱਪ ਨੂੰ ਨਸੀਹਤ : ਬੇਗਾਨੀਆਂ ਲਾਸ਼ਾਂ ‘ਤੇ ਛਾਲਾਂ ਨਹੀਂ ਮਾਰੀਦੀਆਂ

0
914

ਚੰਡੀਗੜ੍ਹ। ਪੰਜਾਬ ਵਿੱਚ ਵੱਡੀ ਗੈਂਗਵਾਰ ਹੋਣ ਦੀ ਸੰਭਾਵਨਾ ਹੈ। ਗੈਂਗਸਟਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਗਾਤਾਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਕੈਨੇਡਾ ਤੋਂ ਬੰਬੀਹਾ ਗਰੁੱਪ ਨੂੰ ਸਲਾਹ ਦੇ ਰਿਹਾ ਹੈ। ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਗੋਲਡੀ ਬਰਾੜ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਬੇਗਾਨਿਆਂ ਦੀਆਂ ਲਾਸ਼ਾਂ ‘ਤੇ ਛਾਲਾਂ ਨਹੀਂ ਮਾਰਨੀਆਂ ਚਾਹੀਦੀਆਂ । ਝੂਠੀ ਵਾਹੋ-ਵਾਹੀ ਦੇ ਲਈ ਕਿਸੇ ਦੇ ਕਤਲ ਨੂੰ ਆਪਣੇ ਸਿਰ ਨਾ ਲਓ । ਬਾਕੀ ਜਿੱਥੇ ਤੱਕ ਗੱਲ ਸਰਪ੍ਰਾਈਜ਼ ਦੇਣ ਦੀ ਹੋ ਰਹੀ ਹੈ ਤਾਂ ਦੱਸ ਦੇਈਏ ਕਿ ਪਹਿਲਾਂ ਵੀ ਅਸੀਂ ਕਈ ਸਰਪ੍ਰਾਈਜ਼ ਦਿੱਤੇ ਹਨ ਅਤੇ ਅੱਗੇ ਵੀ ਦਿੰਦੇ ਰਹਾਂਗੇ। ਪਹਿਲਾਂ ਦੇ ਸਮੇਂ ਦੀਆਂ ਸਰਕਾਰਾਂ ਸਨ, ਜੇਕਰ ਉਨ੍ਹਾਂ ਨੇ ਸਾਡੀ ਸੁਣਵਾਈ ਕੀਤੀ ਹੁੰਦੀ ਤਾਂ ਅੱਜ ਸਾਨੂੰ ਹਥਿਆਰ ਨਾ ਚੁੱਕਣੇ ਪੈਂਦੇ । ਅਸੀਂ ਹਥਿਆਰ ਚੁੱਕੇ ਹਨ ਤਾਂ ਬਦਲਾ ਵੀ ਆਪ ਹੀ ਲਵਾਂਗੇ।

ਦੱਸ ਦੇਈਏ ਕਿ ਇਸੇ ਤਰ੍ਹਾਂ ਦੀ ਪੋਸਟ ਲਾਰੈਂਸ ਗੈਂਗ ਅਤੇ ਬੰਬੀਹਾ ਗੈਂਗ ਇੱਕ ਦੂਜੇ ਦੇ ਖਿਲਾਫ਼ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ। ਉੱਥੇ ਹੀ ਗੈਂਗਸਟਰ ਗੋਲਡੀ ਬਰਾੜ ਵੀ ਸਰਪ੍ਰਾਈਜ਼ ਦੇਣ ਦੀ ਗੱਲ ਬੰਬੀਹਾ ਗੈਂਗ ਨੂੰ ਕਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਬੰਬੀਹਾ ਗੈਂਗ ਬੇ ਪੋਸਟ ਪਾਈ ਸੀ ਤੇ ਕਿਹਾ ਸੀ ਕਿ ਰਾਜਸਥਾਨ ਦੇ ਨਾਗੌਰ ਵਿੱਚ ਸੰਦੀਪ ਬਿਸ਼ਨੋਈ ਨੂੰ ਉਨ੍ਹਾਂ ਨੇ ਮਾਰਿਆ ਹੈ, ਜਿਸਦੀ ਉਹ ਜ਼ਿੰਮੇਵਾਰੀ ਲੈਂਦੇ ਹਨ। ਹੁਣ ਅਗਲਾ ਨੰਬਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦਾ ਹੋਵੇਗਾ।

ਗੌਰਤਲਬ ਹੈ ਕਿ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਪੰਜਾਬ ਪੁਲਿਸ ਨੂੰ ਇਨਪੁੱਟ ਦੇ ਚੁੱਕੀਆਂ ਹਨ ਕਿ ਪੰਜਾਬ ਵਿੱਚ ਵੱਡੀ ਗੈਂਗਵਾਰ ਹੋਣ ਦਾ ਖਦਸ਼ਾ ਹੈ। ਪੰਜਾਬ ਪੁਲਿਸ ਵੀ ਇਸ ਇਨਪੁੱਟ ਤੋਂ ਬਾਅਦ ਚੌਕਸ ਹੈ। ਹੁਣ ਇਸ ਤਰ੍ਹਾਂ ਦੋਵੇਂ ਗਰੁੱਪਾਂ ਦਾ ਇੱਕ ਦੂਜੇ ਨੂੰ ਧਮਕੀਆਂ ਦੇਣਾ ਪੰਜਾਬ ਦਾ ਮਾਹੌਲ ਵਿਗਾੜ ਸਕਦਾ ਹੈ।