Girlfriend ਨੇ ਕਿਹਾ- ਸਾਡੇ ਧਰਮ ਅਲੱਗ ਹਨ, ਵਿਆਹ ਨਹੀਂ ਹੋ ਸਕਦਾ, ਬ੍ਰੇਕਅੱਪ ਤੋਂ ਬਾਅਦ ਕਿਸਾਨ ਦੇ ਪੁੱਤ ਨੇ ਖੁਦ ਨੂੰ ਮਾਰੀ ਗੋਲੀ

0
872

21 ਸਾਲਾ ਨੌਜਵਾਨ ਨੇ ਛਾਤੀ ‘ਤੇ ਰਿਵਾਲਵਰ ਰੱਖ ਕੀਤਾ ਫਾਇਰ, ਗੋਲੀ ਬਾਂਹ ਨੂੰ ਚੀਰਦੀ ਹੋਈ ਡਰਾਈਵਰ ਸੀਟ ਦਾ ਸ਼ੀਸ਼ਾ ਤੋੜ ਨਿਕਲੀ

ਜਲੰਧਰ | ਕਿਸਾਨ ਦੇ 21 ਸਾਲਾ ਇਕਲੌਤੇ ਪੁੱਤਰ ਅਰਵਿੰਦਰ ਸਿੰਘ ਨੇ ਵਰਕਸ਼ਾਪ ਚੌਕ ਨੇੜੇ ਕਾਰ ‘ਚ ਖੁਦ ਨੂੰ ਗੋਲੀ ਮਾਰ ਲਈ। ਅਰਵਿੰਦਰ ਨੇ ਆਪਣੀ ਛਾਤੀ ‘ਤੇ ਰਿਵਾਲਵਰ ਨਾਲ ਫਾਇਰ ਕੀਤਾ।

ਗੋਲੀ ਡਰਾਈਵਰ ਵਾਲੀ ਸੀਟ ਦੇ ਸ਼ੀਸ਼ੇ ਨੂੰ ਤੋੜਦੀ ਸੱਜੀ ਬਾਂਹ ਨੂੰ ਚੀਰਦੀ ਹੋਈ ਲੰਘ ਗਈ। ਇਸ ਤੋਂ ਬਾਅਦ ਜ਼ਖਮੀ ਅਰਵਿੰਦਰ ਖੁਦ ਕਾਰ ਚਲਾ ਕੇ ਕਰੀਬ 300 ਮੀਟਰ ਦੂਰ ਇਕ ਪ੍ਰਾਈਵੇਟ ਹਸਪਤਾਲ ਪਹੁੰਚਿਆ।

ਇਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਉਸ ਦੀ ਜਾਨ ਬਚ ਗਈ। ਅਰਵਿੰਦਰ ਦਾ ਇਕ ਹਫਤਾ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਬ੍ਰੇਕਅੱਪ ਹੋ ਗਿਆ ਸੀ ਕਿਉਂਕਿ ਦੋਵਾਂ ਦਾ ਧਰਮ ਵੱਖ-ਵੱਖ ਸੀ।

ਬ੍ਰੇਕਅੱਪ ਤੋਂ ਬਾਅਦ ਅਰਵਿੰਦਰ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਘਰੋਂ ਲੈ ਆਇਆ ਸੀ। ਥਾਣਾ ਸਦਰ-2 ਵਿੱਚ ਫਿਰੋਜ਼ਪੁਰ ਦੇ ਪਿੰਡ ਅੰਮੀਵਾਲ ਦੇ ਅਰਵਿੰਦਰ ਸਿੰਘ ਖਿਲਾਫ਼ ਅਸਲਾ ਐਕਟ ਦੀ ਧਾਰਾ 25, 30 ਤੇ ਸੀਆਰਪੀਸੀ ਦੀ ਧਾਰਾ 309 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਉਸ ਦੇ ਪਿਤਾ ਸਤਨਾਮ ਸਿੰਘ ਨੂੰ ਅਸਲਾ ਐਕਟ ਦੀ ਧਾਰਾ-30 ਤਹਿਤ ਆਰੋਪੀ ਬਣਾਇਆ ਹੈ।

ਹਫ਼ਤਾ ਪਹਿਲਾਂ ਫਿਰੋਜ਼ਪੁਰ ਤੋਂ ਚੋਰੀ ਕਰ ਲਿਆਇਆ ਸੀ ਪਿਤਾ ਦਾ ਰਿਵਾਲਵਰ

ਆਪ੍ਰੇਸ਼ਨ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਹੋਸ਼ ‘ਚ ਆਏ ਅਰਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਸਤਨਾਮ ਸਿੰਘ ਵੱਡਾ ਕਿਸਾਨ ਹੈ। ਉਹ ਕੈਨੇਡਾ ਜਾਣਾ ਚਾਹੁੰਦਾ ਹੈ, ਇਸ ਲਈ ਜਲੰਧਰ ਵਿੱਚ ਆਈਲੈਟਸ ਕਰ ਰਿਹਾ ਹੈ।

ਉਹ ਹਰ ਰੋਜ਼ ਘਰ ਨਹੀਂ ਜਾ ਸਕਦਾ, ਇਸ ਲਈ ਉਹ ਉਦੈ ਨਗਰ ਵਿੱਚ ਗੁਰਜੀਤ ਸਿੰਘ ਦੇ ਪੀਜੀ ਵਿੱਚ ਰਹਿੰਦਾ ਹੈ। ਉਸ ਨੂੰ ਫਿਲੌਰ ਦੀ ਰਹਿਣ ਵਾਲੀ ਇਕ ਸਟੂਡੈਂਟ ਨਾਲ ਅਫੇਅਰ ਹੋ ਗਿਆ ਸੀ। ਇਸ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਵੀ ਦੱਸਿਆ ਸੀ।

ਇਕ ਹਫਤਾ ਪਹਿਲਾਂ ਉਸ ਦੀ ਪ੍ਰੇਮਿਕਾ ਨੇ ਇਹ ਕਹਿ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਉਸ ਦਾ ਪਰਿਵਾਰ ਸਹਿਮਤ ਨਹੀਂ ਹੈ। ਕਾਰਨ ਪੁੱਛਣ ‘ਤੇ ਉਸ ਨੇ ਕਿਹਾ ਕਿ ਸਾਡੇ ਧਰਮ ਵੱਖ-ਵੱਖ ਹਨ।

ਆਪਣੀ ਪ੍ਰੇਮਿਕਾ ਦੀ ਇਹ ਗੱਲ ਸੁਣ ਕੇ ਉਹ ਡਿਪ੍ਰੈਸ਼ਨ ਵਿੱਚ ਚਲਾ ਗਿਆ। ਉਹ ਫਿਰੋਜ਼ਪੁਰ ਦੇ ਪਿੰਡ ਅੰਮੀਵਾਲ ਸਥਿਤ ਆਪਣੇ ਘਰ ਗਿਆ ਪਰ ਉਥੇ ਉਸ ਦਾ ਦਿਲ ਨਾ ਲੱਗਾ, ਇਸ ਲਈ ਉਸ ਨੇ ਆਪਣੇ ਪਿਤਾ ਦਾ ਰਿਵਾਲਵਰ ਚੋਰੀ ਕਰ ਲਿਆ।

ਅਰਵਿੰਦਰ ਇਕ ਹਫ਼ਤੇ ਤੋਂ ਪ੍ਰੇਸ਼ਾਨ ਸੀ ਤੇ ਕਾਰ ਵਿੱਚ ਇਧਰ-ਉਧਰ ਘੁੰਮ ਰਿਹਾ ਸੀ। ਵਰਕਸ਼ਾਪ ਚੌਕ ਨੇੜੇ ਉਸ ਦੀ ਇਕ ਯਾਦ ਸੀ, ਜਿਸ ਨੂੰ ਤਾਜ਼ਾ ਕਰਨ ਲਈ ਉਹ ਐਤਵਾਰ ਸਵੇਰੇ 10:30 ਵਜੇ ਆਪਣੀ ਕਾਰ ‘ਚ ਪਹੁੰਚਿਆ।

ਉਹ ਕਾਫੀ ਪ੍ਰੇਸ਼ਾਨ ਸੀ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਡਿਪ੍ਰੈਸ਼ਨ ਕਾਰਨ ਉਸ ਦੀ ਹਾਲਤ ਵਿਗੜ ਰਹੀ ਸੀ। ਆਖਿਰ ਉਸ ਨੇ ਇਹ ਕਦਮ ਚੁੱਕ ਲਿਆ।

ਪੁਲਿਸ ਨੂੰ ਕਾਰ ‘ਚੋਂ ਰਿਵਾਲਵਰ, 4 ਗੋਲੀਆਂ ਤੇ ਇਕ ਖੋਲ ਮਿਲਿਆ

ਪੁਲਸ ਨੂੰ ਦਿੱਤੇ ਬਿਆਨ ‘ਚ ਅਰਵਿੰਦਰ ਨੇ ਦੱਸਿਆ ਕਿ ਬ੍ਰੇਕਅੱਪ ਕਾਰਨ ਉਹ ਇੰਨਾ ਤਣਾਅ ‘ਚ ਆ ਗਿਆ ਸੀ ਕਿ ਉਸ ਨੇ ਰਿਵਾਲਵਰ ਨੂੰ ਛਾਤੀ ਦੇ ਸੱਜੇ ਪਾਸੇ ਰੱਖ ਕੇ ਗੋਲੀ ਚਲਾ ਦਿੱਤੀ।

ਗੋਲੀ ਉਸ ਦੀ ਬਾਂਹ ਨੂੰ ਚੀਰਦੀ ਹੋਈ ਡਰਾਈਵਰ ਵਾਲੀ ਸੀਟ ਦੇ ਸ਼ੀਸ਼ੇ ‘ਚੋਂ ਬਾਹਰ ਨਿਕਲ ਗਈ। ਜਦੋਂ ਖੂਨ ਤੇਜ਼ੀ ਨਾਲ ਵਹਿਣ ਲੱਗਾ ਤਾਂ ਉਹ ਤੇਜ਼ ਰਫਤਾਰ ਨਾਲ ਕਾਰ ਭਜਾ ਕੇ ਚੌਕ ਨੇੜੇ ਸਥਿਤ ਹਸਪਤਾਲ ਪਹੁੰਚ ਗਿਆ।

ਉਥੇ ਉਸ ਨੇ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਦੇ ਸਟਾਫ ਨੂੰ ਦੱਸਿਆ ਕਿ ਕਪੂਰਥਲਾ ਰੋਡ ‘ਤੇ ਉਸ ਨੂੰ ਗੋਲੀ ਲੱਗੀ ਹੈ। ਸਭ ਤੋਂ ਪਹਿਲਾਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਜਾਂਚ ਲਈ ਪਹੁੰਚੀ ਪਰ ਕਾਰ ਵਿੱਚ ਖੂਨ ਫੈਲਿਆ ਹੋਇਆ ਸੀ ਤੇ ਰਿਵਾਲਵਰ ਵੀ ਸੀ।

ਰਿਵਾਲਵਰ ‘ਚੋਂ 4 ਗੋਲੀਆਂ ਤੇ ਇਕ ਖੋਲ ਮਿਲਿਆ ਹੈ। ਆਪ੍ਰੇਸ਼ਨ ਤੋਂ ਬਾਅਦ ਹੋਸ਼ ‘ਚ ਆਏ ਅਰਵਿੰਦਰ ਨੇ ਪੁਲਸ ਨੂੰ ਪ੍ਰੇਮ ਕਹਾਣੀ ਸੁਣਾਈ। ਐੱਸਐੱਚਓ ਔਜਲਾ ਨੇ ਦੱਸਿਆ ਕਿ ਅਰਵਿੰਦਰ ਨੇ ਬ੍ਰੇਕਅਪ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ। ਗਾਰਦ ਲਗਾ ਦਿੱਤੀ ਗਈ ਹੈ।

ਅਰਵਿੰਦਰ ਸਿੰਘ ਦੇ ਪਿਤਾ ਕਿਸਾਨ ਸਤਨਾਮ ਸਿੰਘ ਦੇ ਰਿਵਾਲਵਰ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਡੀਸੀ ਫਿਰੋਜ਼ਪੁਰ ਨੂੰ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ