ਜਲੰਧਰ ਦੇ ਦਕੋਹਾ ’ਚ ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ, CCTV ’ਚ ਪਿਓ-ਪੁੱਤ ਕੈਦ

0
12

ਜਲੰਧਰ ਦੇ ਰਾਮਾ ਮੰਡੀ ਥਾਣੇ ਅਧੀਨ ਪੈਂਦੇ ਦਕੋਹਾ ਇਲਾਕੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਇੱਕ ਲੜਕੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 27 ਨਵੰਬਰ ਦੀ ਸ਼ਾਮ ਦੀ ਦੱਸੀ ਜਾ ਰਹੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਜਸਲੀਨ ਕੌਰ ਨਾਮ ਦੀ ਲੜਕੀ, ਜੋ ਡਿਪਰੈਸ਼ਨ ਦੀ ਮਰੀਜ਼ ਦੱਸੀ ਜਾ ਰਹੀ ਹੈ ਅਤੇ ਜਿਸ ਦੇ ਮਾਤਾ-ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਨੂੰ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਕੁਝ ਨੌਜਵਾਨ ਕਥਿਤ ਤੌਰ ’ਤੇ ਲਗਾਤਾਰ ਤੰਗ-ਪਰੇਸ਼ਾਨ ਕਰ ਰਹੇ ਸਨ। ਦੋਸ਼ ਹੈ ਕਿ ਜਦੋਂ ਲੜਕੀ ਨੇ ਛੇੜਛਾੜ ਦਾ ਵਿਰੋਧ ਕੀਤਾ ਤਾਂ ਵਰੁਣ ਨਾਮ ਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਅਤੇ ਗਲੀ ਵਿੱਚ ਉਸ ਦੀ ਕੁੱਟਮਾਰ ਕੀਤੀ।

ਦਾਅਵੇ ਮੁਤਾਬਕ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਵਰੁਣ ਅਤੇ ਉਸ ਦਾ ਪਿਤਾ ਨਰੇਸ਼ ਕੁਮਾਰ ਲੜਕੀ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ।

ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹਾਲਾਂਕਿ, ਮਾਮਲੇ ਵਿੱਚ ਪੁਲਿਸ ਦੀ ਅਧਿਕਾਰਤ ਕਾਰਵਾਈ ਅਤੇ ਦੋਵਾਂ ਧਿਰਾਂ ਦਾ ਪੱਖ ਸਾਹਮਣੇ ਆਉਣਾ ਅਜੇ ਬਾਕੀ ਹੈ।