30 ਰੁਪਏ ‘ਚ ਬਣਵਾਓ ਆਯੂਸ਼ਮਾਨ ਸਿਹਤ ਬੀਮਾ ਕਾਰਡ, ਜਲੰਧਰ ਦੇ 56 ਪ੍ਰਾਈਵੇਟ ਹਸਪਤਾਲਾ ‘ਚ ਕਰਵਾ ਸਕਦੇ ਹੋ 5 ਲੱਖ ਤੱਕ ਦਾ ਮੁਫਤ ਇਲਾਜ, ਕਾਰਡ ਬਨਾਉਣ ਲਈ ਲਗਾਏ ਜਾ ਰਹੇ 25 ਕੈਂਪ…

0
773

ਜਲੰਧਰ | ਜੇਕਰ ਤੁਸੀਂ ਹੁਣ ਤੱਕ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਨਹੀਂ ਬਣਾਇਆ ਹੈ ਤਾਂ ਹੁਣ ਵੀ ਬਣਵਾ ਸਕਦੇ ਹੋ। ਜਲੰਧਰ ਪ੍ਰਸ਼ਾਸਨ ਕਾਰਡ ਬਨਾਉਣ ਲਈ 25 ਕੈਂਪ ਲਗਾਉਣ ਜਾ ਰਿਹਾ ਹੈ।

ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿੱਚ 5 ਲੱਖ ਤੱਕ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲੇ ਭਰ ਵਿੱਚ 25 ਮੋਬਾਈਲ ਕੈਂਪ ਲਗਾਏ ਜਾਣਗੇ। ਇਨ੍ਹਾਂ 25 ਕੈਂਪਾਂ ਵਿੱਚੋਂ 10 ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ, 12 ਸਥਾਈ ਕੈਂਪ ਮਾਰਕੀਟ ਕਮੇਟੀ ਦਫ਼ਤਰਾਂ ਵਿੱਚ (ਕਿਸਾਨਾਂ ਲਈ), ਇਕ ਸਥਾਈ ਕੈਂਪ ਟਾਈਪ -1 ਸੇਵਾ ਕੇਂਦਰ ਵਿਖੇ ਅਤੇ ਦੋ ਹੋਰ ਸੇਵਾ ਕੇਂਦਰਾਂ ਵਿੱਚ ਲਗਾਏ ਜਾਣਗੇ।

ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਾਈਪ -1 ਸੇਵਾ ਕੇਂਦਰ ਜਾਂ ਹੋਰ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ, ਜਿਨ੍ਹਾਂ ਵਿਚ ਸੀ.ਐੱਚ.ਸੀ., ਸਬ ਡਵੀਜ਼ਨਲ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਸ਼ਾਮਿਲ ਹਨ, ਵਿਖੇ ਆਉਣ ਮੌਕੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦਾ ਲਾਭ ਮੌਕੇ ‘ਤੇ ਦਿੱਤਾ ਜਾ ਸਕੇ।

ਈ-ਕਾਰਡ ਪ੍ਰਾਪਤ ਕਰਨ ਲਈ ਵਿਅਕਤੀ ਕੋਲ ਆਧਾਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ ਜਾਂ ਰਜਿਸਟਰਡ ਉਸਾਰੀ ਕਿਰਤੀ ਕਾਰਡ, ਪੱਤਰਕਾਰ ਆਈਡੀ (ਯੈਲੋ ਅਤੇ ਐਕਰੀਡੇਸ਼ਨ ਕਾਰਡ) ਅਤੇ ਕਿਸਾਨ ਆਈਡੀ (ਜੇ ਫਾਰਮ) ਲਾਜ਼ਮੀ ਹੋਣਾ ਚਾਹੀਦਾ ਹੈ । ਡਿਪਟੀ ਕਮਿਸ਼ਨਰ ਨੇ ਸਰਵਿਸ ਪ੍ਰੋਵਾਈਡਰ ਕੰਪਨੀ ਵੀਡਾਲ ਹੈਲਥ ਇੰਸ਼ੋਰੈਂਸ ਟੀਪੀਏ ਦੇ ਅਧਿਕਾਰੀਆਂ ਨੂੰ ਤੁਰੰਤ ਨਿਰਧਾਰਤ ਸਥਾਨਾਂ ‘ਤੇ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ।

ਡੀਸੀ ਨੇ ਦੱਸਿਆ- 56 ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਜਾ ਚੁੱਕਾ ਹੈ, ਜਿਸ ਨੂੰ sha.punjab.gov.in ’ਤੇ ਵੇਖਿਆ ਜਾ ਸਕਦਾ ਹੈ। ਸਕੀਮ ਤਹਿਤ ਲਾਭਪਾਤਰੀਆਂ ਨੂੰ 1579 ਪੈਕੇਜ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ 180 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਰੱਖੇ ਗਏ ਸਨ, ਜਿਨ੍ਹਾਂ ਵਿਚੋਂ 25 ਪੈਕੇਜ ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕਰਨ ਯੋਗ ਹਨ ।

ਥੋਰੀ ਨੇ ਦੱਸਿਆ ਕਿ ਵੈਂਡਰ ਕੰਪਨੀ ਵੱਲੋਂ ਰਜਿਸਟਰੇਸ਼ਨ ਅਤੇ ਈ-ਕਾਰਡ ਜਨਰੇਟ ਕਰਨ ਲਈ ਸਿਰਫ 30 ਰੁਪਏ ਦੀ ਫੀਸ ਲਈ ਜਾਂਦੀ ਹੈ ਅਤੇ ਸੀਐਚਸੀ, ਜ਼ਿਲ੍ਹਾ ਹਸਪਤਾਲ, ਅਤੇ ਸਬ-ਡਵੀਜ਼ਨਲ ਹਸਪਤਾਲ ਇਹ ਸੇਵਾਵਾਂ ਮੁਫਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਐਸ.ਡੀ.ਐਮਜ਼ ਅਤੇ ਸਿਵਲ ਸਰਜਨ ਨੂੰ ਸੀ ਐਸ ਸੀ ਦੇ ਕੰਮਕਾਜ ‘ਤੇ ਨਜ਼ਰ ਰੱਖਣ ਲਈ ਵੀ ਕਿਹਾ।