37ਵੀਆਂ ਰਾਸ਼ਟਰੀ ਖੇਡਾਂ ‘ਚ ਗੱਤਕਾ ਨੂੰ ਕੀਤਾ ਗਿਆ ਸ਼ਾਮਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਪ੍ਰਗਟਾਈ ਖੁਸ਼ੀ

0
986

ਚੰਡੀਗੜ੍ਹ| ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨੇ ਅਕਤੂਬਰ ਮਹੀਨੇ ਗੋਆ ਵਿੱਚ ਹੋਣ ਵਾਲੀਆਂ 37ਵੀਆਂ ਨੈਸ਼ਨਲ ਗੇਮਜ਼-2023 ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਐਸੋਸੀਏਸ਼ਨ ਨੇ ਇਸ ਫੈਸਲੇ ਲਈ ਭਾਰਤੀ ਓਲੰਪਿਕ ਸੰਘ (IOA) ਅਤੇ ਖੇਡ ਤਕਨੀਕੀ ਸੰਚਾਲਨ ਕਮੇਟੀ (GTCC) ਦਾ ਧੰਨਵਾਦ ਕੀਤਾ ਹੈ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਇਸ ਦਿਸ਼ਾ ਵਿੱਚ ਉਪਰਾਲੇ ਕਰ ਰਹੀ ਹੈ ਅਤੇ ਇਸ ਸਬੰਧ ਵਿੱਚ ਆਈ.ਓ.ਏ. ਅਤੇ GTCC ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਓਲੰਪਿਕ ਐਸੋਸੀਏਸ਼ਨ ਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਆਈ.ਓ.ਏ. ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਡਾ.ਪੀ.ਟੀ. ਊਸ਼ਾ, ਜੀ.ਟੀ.ਸੀ.ਸੀ ਕਾਰਜਕਾਰਨੀ ਮੈਂਬਰ ਭੁਪਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਅਮਿਤਾਭ ਸ਼ਰਮਾ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਗੱਤਕਾ ਖੇਡ ਦੀ ਸਰਵਪੱਖੀ ਤਰੱਕੀ ਲਈ ਇੱਕ ਵੱਡਾ ਕਦਮ ਸਾਬਤ ਹੋਵੇਗਾ ਅਤੇ ਸਾਰੇ ਰਾਜਾਂ ਵਿੱਚ ਗੱਤਕਾ ਖੇਡ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ।