ਗੜ੍ਹਸ਼ੰਕਰ : ਟਰੈਕਟਰ-ਟਰਾਲੀ ਦੀ ਲਪੇਟ ‘ਚ ਆਏ ਸਕੂਟਰੀ ਸਵਾਰ ਦੀ ਮੌਤ, ਲੋਕਾਂ ਵੱਲੋਂ ਚਾਰ ਘੰਟੇ ਬੰਗਾ ਚੌਕ ‘ਚ ਆਵਾਜਾਈ ਠੱਪ

0
3720

ਗੜ੍ਹਸ਼ੰਕਰ| ਇਲਾਕੇ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਕਰਕੇ ਓਵਰਲੋਡਿੰਗ ਵਾਹਨਾਂ ਨਾਲ ਹੋ ਰਹੇ ਹਾਦਸਿਆਂ ਦਾ ਕਹਿਰ ਵੱਧਦਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਅੱਖਾਂ ਬੰਦ ਕਰੀ ਬੈਠਾ ਹੈ। ਇਸਦੀ ਇਕ ਹੋਰ ਮਿਸਾਲ ਅੱਜ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਵਿੱਚ ਵਾਪਰੇ ਹਾਦਸੇ ਤੋਂ ਦੇਖਣ ਨੂੰ ਮਿਲਦੀ ਹੈ, ਜਿੱਥੇ ਖਣਨ ਸਮੱਗਰੀ ਨਾਲ ਭਰੀ ਓਵਰਲੋਡਿੰਗ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਏ ਸਕੂਟਰੀ ਚਾਲਕ ਦੀ ਮੌਤ ਹੋ ਗਈ, ਜਿਸਦੀ ਪਛਾਣ ਅਵਤਾਰ ਸਿੰਘ (50) ਪੁੱਤਰ ਸੋਹਣ ਲਾਲ ਵਾਸੀ ਬੀਰਮਪੁਰ ਵੱਜੋਂ ਹੋਈ ਹੈ।

ਇਸ ਹਾਦਸੇ ਪਿੱਛੋਂ ਰੋਹ ਵਿਚ ਆਏ ਪਿੰਡ ਬੀਰਮਪੁਰ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਅਗਵਾਈ ਹੇਠ ਗੜ੍ਹਸ਼ੰਕਰ ਦੇ ਬੰਗਾ ਚੌਕ ਵਿੱਚ ਲਾਸ਼ ਰੱਖ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਕਰੀਬ ਚਾਰ ਘੰਟੇ ਚੱਲੇ ਇਸ ਧਰਨੇ ਨਾਲ ਹਾਈਵੇਅ ‘ਤੇ ਦੋਵੇਂ ਪਾਸੀਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਲੋਕਾਂ ਦੀ ਜਾਨ ਦਾ ਖੌਅ ਬਣ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਖਣਨ ਵਿਭਾਗ ਦੇ ਕੰਨਾਂ ‘ਤੇ ਜੂੰਅ ਨਹੀਂ ਰੇਂਗ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਇਸ ਗੋਰਖ ਧੰਦੇ ਵਿਚ ਡੁੱਬੇ ਹੋਏ ਹਨ ਜਿਸ ਕਰਕੇ ਇਲਾਕੇ ਦੀਆਂ ਸੜਕਾਂ ਬਰਬਾਦ ਹੋ ਗਈਆਂ ਹਨ ਅਤੇ ਲੋਕਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੋਈ।

ਇਸ ਮੌਕੇ ਹੋਰ ਬੁਲਾਰਿਆਂ ਨੇ ਕਿਹਾ ਕਿ ਬੀਤ ਇਲਾਕੇ ਸਮੇਤ ਇਲਾਕੇ ਦੇ ਪੰਜਾਹ ਪਿੰਡ ਮਾਈਨਿੰਗ ਦੀ ਲਪੇਟ ਵਿਚ ਹਨ, ਜਿਥੋਂ ਨਿਕਲਦੇ ਵਾਹਨਾਂ ਨੇ ਪਿੰਡਾਂ ਦਾ ਭੂਗੋਲ ਹੀ ਵਿਗੜ ਦਿੱਤਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।

ਉਨਾਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਟਰੈਕਟਰ ਚਾਲਕ ਅਤੇ ਮਾਲਕ ਉਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੌਕੇ ਡੀਐਸਪੀ ਦਲਜੀਤ ਸਿੰਘ ਖੱਖ ਮੌਕੇ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਉਨਾਂ ਦੱਸਿਆ ਕਿ ਟਰੈਕਟਰ ਚਾਲਕ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਚੱਕ ਫੁਲੁ ਅਤੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਮਹਿਤਾਬਪੁਰ ਉਤੇ ਐਫ ਆਈ ਆਰ 154 ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਉਪਰੰਤ ਧਰਨਾਕਾਰੀਆਂ ਨੇ ਆਪਣਾ ਧਰਨਾ ਖਤਮ ਕੀਤਾ।