ਗੈਂਗਸਟਰ ਤੋਂ ਅੱਤਵਾਦੀ ਬਣੇ ਰਿੰਦਾ ਨੇ ਜਾਣੋ ਕਦੋਂ ਅਪਰਾਧ ਦੀ ਦੁਨੀਆ ‘ਚ ਰੱਖਿਆ ਪੈਰ

0
11796

ਜਲੰਧਰ/ਲੁਧਿਆਣਾ/ਚੰਡੀਗੜ੍ਹ | ਅਰਿੰਦਾ ਦਾ ਪੰਜਾਬ ਵਿੱਚ ਟਾਰਗੇਟ ਕਿਲਿੰਗ ਅਤੇ ਕਈ ਅੱਤਵਾਦੀ ਘਟਨਾਵਾਂ ਪਿੱਛੇ ਹੱਥ ਰਿਹਾ ਹੈ। ਉਹ ਪੰਜਾਬ ਪੁਲਿਸ ਦੇ ਰਿਕਾਰਡ ਵਿੱਚ ਇੱਕ ਗੈਂਗਸਟਰ, ਨਸ਼ਾ ਤਸਕਰ ਅਤੇ ਹਥਿਆਰਾਂ ਦੇ ਸਪਲਾਇਰ ਵਜੋਂ ਸੂਚੀਬੱਧ ਹੈ। ਐਨਆਈਏ ਮੁਤਾਬਕ ਰਿੰਦਾ ਨੇ ਗੈਂਗਸਟਰ ਹੁੰਦਿਆਂ ਪੰਜਾਬ ਵਿੱਚ ਆਪਣਾ ਇੱਕ ਨੈੱਟਵਰਕ ਕਾਇਮ ਕੀਤਾ ਸੀ।

ਉਸ ਦੇ ਗੈਂਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਸ਼ੂਟਰ ਸਨ। ਇਸ ਤੋਂ ਇਲਾਵਾ ਉਸ ਕੋਲ ਨਸ਼ਾ ਤਸਕਰਾਂ ਦਾ ਨੈੱਟਵਰਕ ਵੀ ਸੀ। ਸਾਲ 2017-18 ਵਿਚ ਉਹ ਪਾਕਿਸਤਾਨ ਗਿਆ ਸੀ ਅਤੇ ਉਥੋਂ ਉਸ ਨੇ ਆਪਣੇ ਛੋਟੇ-ਮੋਟੇ ਅਪਰਾਧੀਆਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਤਿਆਰ ਕੀਤਾ ਸੀ। ਮੋਹਾਲੀ ਆਰਪੀਜੀ ਹਮਲਾ ਇਸੇ ਕੜੀ ਦਾ ਇੱਕ ਹਿੱਸਾ ਸੀ।

ਉਸ ਨੇ ਹਾਲ ਹੀ ਵਿਚ ਪਾਕਿਸਤਾਨ ਵਿਚ ਕੰਮ ਕਰ ਰਹੇ ਇਕ ਹੋਰ ਮੋਸਟ ਵਾਂਟੇਡ ਅੱਤਵਾਦੀ ਵਢੇਰਾ ਸਿੰਘ ਨਾਲ ਹੱਥ ਮਿਲਾਇਆ ਸੀ। ਉਹ ਘੱਟੋ-ਘੱਟ 30 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਦੇ ਅਪਰਾਧਾਂ ਵਿੱਚ ਕਤਲ ਦੇ ਕਰੀਬ 10 ਕੇਸ, ਕਤਲ ਦੀ ਕੋਸ਼ਿਸ਼ ਦੇ ਛੇ ਕੇਸ, ਡਕੈਤੀ/ਸੈਂਚਿੰਗ ਦੇ ਸੱਤ ਕੇਸਾਂ ਤੋਂ ਇਲਾਵਾ ਅਗਵਾ, ਫਿਰੌਤੀ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੇ ਕੇਸ ਸ਼ਾਮਲ ਹਨ।

NIA ਨੇ ਕਰੀਬ ਤਿੰਨ ਮਹੀਨੇ ਪਹਿਲਾਂ ਰਿੰਦਾ ‘ਤੇ 10 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਸੀ। NIA ਨੇ ਰਿੰਦਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਕਈ ਫ਼ੋਨ ਨੰਬਰ ਵੀ ਜਾਰੀ ਕੀਤੇ ਸਨ। ਜਾਂਚ ਏਜੰਸੀ ਨੇ ਇੰਟਰਪੋਲ ਨੂੰ ਉਸ ਦੀਆਂ ਅੱਤਵਾਦੀ ਗਤੀਵਿਧੀਆਂ ਦਾ ਵੇਰਵਾ ਦੇਣ ਵਾਲਾ ਡੋਜ਼ੀਅਰ ਵੀ ਸੌਂਪਿਆ ਸੀ।

ਸਾਲ 2008 ‘ਚ ਅਪਰਾਧ ਦੀ ਦੁਨੀਆ ‘ਚ ਕਦਮ ਰੱਖਿਆ
ਰਿੰਦਾ ਨੇ 2008 ਵਿੱਚ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ, ਜਦੋਂ ਉਸ ਨੇ ਨਿੱਜੀ ਦੁਸ਼ਮਣੀ ਕਾਰਨ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਪ੍ਰਤਾਪ ਸਿੰਘ ਦਾ ਕਤਲ ਕਰ ਦਿੱਤਾ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। 2013 ਵਿੱਚ ਸੰਗਰੂਰ ਜੇਲ੍ਹ ਵਿੱਚ ਬੰਦ ਹੋਣ ਦੌਰਾਨ ਉਸ ਨੇ ਜੇਲ੍ਹ ਮੁਲਾਜ਼ਮਾਂ ’ਤੇ ਹਮਲਾ ਕੀਤਾ ਸੀ। ਉਸ ਤੋਂ ਬਾਅਦ 2014 ਵਿੱਚ ਮੁੜ ਪਟਿਆਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ ’ਤੇ ਹਮਲਾ ਕੀਤਾ। ਉਹ ਅਕਤੂਬਰ 2014 ਵਿੱਚ ਨਾਭਾ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਸਾਲ 2016 ‘ਚ ਰਿੰਦਾ ਦੇ ਭਰਾ ਸੁਰਿੰਦਰ ਉਰਫ ਸੱਤਾ ਦਾ ਮਹਾਰਾਸ਼ਟਰ ਦੇ ਨਾਂਦੇੜ ‘ਚ ਨਿੱਜੀ ਰੰਜਿਸ਼ ਕਾਰਨ ਦਿਲਬਾਗ ਸਿੰਘ ਅਤੇ ਕੁਝ ਹੋਰਾਂ ਨੇ ਕਤਲ ਕਰ ਦਿੱਤਾ ਸੀ।

ਜੱਸੀ ਨੇ ਲਿਖਿਆ- ਮੂਸੇਵਾਲਾ ਦੇ ਕਾਤਲ ਨਾਲ ਹੱਥ ਮਿਲਾਇਆ ਸੀ
ਬੰਬੀਹਾ ਗਰੁੱਪ ਦੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਰਿੰਦਾ ਨੂੰ ਸਭ ਤੋਂ ਪਹਿਲਾਂ ਸਾਡੇ ਦੋਸਤਾਂ ਨੇ ਪਾਕਿਸਤਾਨ ‘ਚ ਸੈੱਟ ਕੀਤਾ ਸੀ ਪਰ ਉਸ ਨੇ ਸਾਡੇ ਵਿਰੋਧੀ ਗਰੁੱਪ ਗੋਲਡੀ ਬਰਾੜ ਨਾਲ ਨਸ਼ਾ ਤਸਕਰੀ ਕਰ ਕੇ ਹੱਥ ਮਿਲਾ ਲਿਆ, ਜਿਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ।