ਚੰਡੀਗੜ੍ਹ/ਮਾਨਸਾ| ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਦੀਪਕ ਉਰਫ ਟੀਨੂੰ ਦਾ ਸਾਥੀ ਮੋਹਿਤ ਭਾਰਦਵਾਜ (32) ਵਾਸੀ ਬਾਪੂਧਾਮ ਕਾਲੋਨੀ ਗ੍ਰਿਫਤਾਰੀ ਹੋ ਗਿਆ। ਜ਼ਿਲਾ ਅਪਰਾਧ ਸੈੱਲ ਨੇ ਮੋਹਿਤ ਨੂੰ ਵਿਦੇਸ਼ੀ ਪਿਸਤੌਲ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਮੋਹਿਤ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਸੋਮਵਾਰ ਤੱਕ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਸ ਨੇ ਪੁਲਿਸ ਕੋਲ ਖੁਲਾਸਾ ਕੀਤਾ ਕਿ ਟੀਨੂੰ ਦੇ ਸਹਾਇਕ ਮਾਨਸਾ ਦੇ ਸੀਆਈਏ ਇੰਚਾਰਜ ਪ੍ਰੀਤਪਾਲ ਨੂੰ ਚੰਡੀਗੜ੍ਹ ‘ਚ ਖੂਬ ਮਸਤੀ ਕਰਵਾਈ ਗਈ। ਉਸ ਨੂੰ ਨਾਈਟ ਕਲੱਬਾਂ ਵਿੱਚ ਲਿਜਾਇਆ ਗਿਆ ਅਤੇ ਬਹੁਤ ਸਾਰੀ ਖਰੀਦਦਾਰੀ ਕਰਵਾਈ ਗਈ। ਥੀ
ਜ਼ਿਲਾ ਕਰਾਈਮ ਸੈੱਲ ਦੇ ਇੰਚਾਰਜ ਨਰਿੰਦਰ ਪਟਿਆਲ ਨੂੰ ਸੂਚਨਾ ਮਿਲੀ ਸੀ ਕਿ ਦੀਪਕ ਉਰਫ ਟੀਨੂੰ ਗੈਂਗ ਦਾ ਸਰਗਰਮ ਮੈਂਬਰ ਸ਼ਾਸਤਰੀ ਨਗਰ ਤੋਂ ਮਨੀਮਾਜਰਾ ਵੱਲ ਪੈਦਲ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਟੀਮ ਨੇ ਮੁਲਜ਼ਮ ਨੂੰ ਸ਼ਾਸਤਰੀ ਨਗਰ ਲਾਈਟ ਪੁਆਇੰਟ ਨੇੜਿਓਂ ਕਾਬੂ ਕੀਤਾ। ਟੀਮ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਗੈਂਗਸਟਰ ਟੀਨੂੰ ਨੇ ਮੋਹਿਤ ਨੂੰ ਵਿਦੇਸ਼ੀ ਪਿਸਤੌਲ ਮੁਹੱਈਆ ਕਰਵਾਇਆ ਸੀ।
ਪੁਲਿਸ ਮੁਲਜ਼ਮ ਮੋਹਿਤ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਟੀਨੂੰ ਦੇ ਕਹਿਣ ’ਤੇ ਉਹ ਕਿਹੜੇ-ਕਿਹੜੇ ਅਪਰਾਧਾਂ ਵਿੱਚ ਸ਼ਾਮਲ ਸੀ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਟੀਨੂੰ ਗੈਂਗ ਦੇ ਹੋਰ ਕਿੰਨੇ ਸਾਥੀ ਚੰਡੀਗੜ੍ਹ ਵਿੱਚ ਮੌਜੂਦ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਟੀਨੂੰ ਦੀ ਜੇਲ ਵਿੱਚ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਫ਼ੋਨ ‘ਤੇ ਗੱਲਬਾਤ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਮੋਹਿਤ ਭਾਰਦਵਾਜ ਅਤੇ ਸੰਪਤ ਨਹਿਰਾ ਦੋਸਤ ਹਨ। ਦੋਵੇਂ ਇਕੱਠੇ ਪੜ੍ਹਦੇ ਸਨ। ਸੰਪਤ ਅਤੇ ਮੋਹਿਤ ਦੋਵੇਂ ਸੈਕਟਰ-26 ਵਿੱਚ ਇਕੱਠੇ ਰਹਿੰਦੇ ਸਨ। ਸੰਪਤ ਨਹਿਰਾ ਦੇ ਜ਼ਰੀਏ ਉਹ ਗੈਂਗਸਟਰ ਟੀਨੂੰ ਦੇ ਸੰਪਰਕ ‘ਚ ਆਇਆ ਅਤੇ ਉਸ ਦੇ ਕਾਫੀ ਕਰੀਬ ਬਣ ਗਿਆ। ਮੋਹਿਤ ਦੀਪਕ ਦੇ ਕਹਿਣ ‘ਤੇ ਕਲੱਬਾਂ ‘ਚ ਆਪਣੇ ਸਾਥੀਆਂ ਦਾ ਮਨੋਰੰਜਨ ਕਰਦਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮੋਹਿਤ ਚੰਡੀਗੜ੍ਹ ਦੇ ਕਈ ਕਲੱਬਾਂ ‘ਚ ਗੈਂਗਸਟਰ ਟੀਨੂੰ ਦੇ ਨਾਂ ‘ਤੇ ਧੱਕੇਸ਼ਾਹੀ ਕਰਦਾ ਸੀ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੋਹਿਤ ਦੀਪਕ ਦੇ ਕਹਿਣ ‘ਤੇ ਪ੍ਰੀਤਪਾਲ ਨੂੰ ਚੰਡੀਗੜ੍ਹ ਦੇ ਕਲੱਬਾਂ ‘ਚ ਲੈ ਜਾਂਦਾ ਸੀ। ਜੁਲਾਈ 2022 ਵਿੱਚ ਪ੍ਰੀਤਪਾਲ ਚੰਡੀਗੜ੍ਹ ਆਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸ਼ਾਪਿੰਗ ਵੀ ਕਰਵਾਈ ਗਈ।