ਨਵੀਂ ਦਿੱਲੀ, 7 ਜਨਵਰੀ | ਦਿੱਲੀ ‘ਚ 12 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 2 ਜਨਵਰੀ ਨੂੰ ਵਾਪਰੀ ਸੀ ਅਤੇ ਲੜਕੀ ਨੇ 5 ਜਨਵਰੀ ਨੂੰ ਇਸ ਘਟਨਾ ਬਾਰੇ ਆਪਣੇ ਚਚੇਰੇ ਭਰਾ ਨੂੰ ਦੱਸਿਆ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇਕ ਔਰਤ ਅਤੇ ਚਾਹ ਦੀ ਦੁਕਾਨ ਦੇ ਮਾਲਕ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ 12, 14 ਅਤੇ 15 ਸਾਲ ਦੇ ਤਿੰਨ ਨਾਬਾਲਗ ਲੜਕੇ ਚਾਹ ਦੇ ਸਟਾਲ ‘ਤੇ ਕੰਮ ਕਰਦੇ ਸਨ। ਇਹ ਘਟਨਾ ਦਿੱਲੀ ਦੇ ਸਦਰ ਬਾਜ਼ਾਰ ਇਲਾਕੇ ਦੀ ਹੈ।
ਚਾਹ ਦੇ ਸਟਾਲ ‘ਤੇ ਕੰਮ ਕਰਦੇ ਮੁਲਜ਼ਮਾਂ ਨੇ ਇਮਾਰਤ ਅੰਦਰ ਲੜਕੀ ਨਾਲ ਗੈਂਗਰੇਪ ਕੀਤਾ। ਦੋਸ਼ੀਆਂ ਨੇ ਲੜਕੀ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਘਟਨਾ ਤੋਂ ਬਾਅਦ ਲੜਕੀ ਉੱਤਰੀ ਦਿੱਲੀ ਸਥਿਤ ਆਪਣੇ ਘਰ ਵਾਪਸ ਆ ਗਈ ਅਤੇ ਦੋ ਦਿਨ ਤੱਕ ਚੁੱਪ ਰਹੀ।
5 ਜਨਵਰੀ ਨੂੰ ਜਦੋਂ ਉਹ ਸਦਰ ਬਾਜ਼ਾਰ ਵਿਚ ਗਈ ਤਾਂ ਉਸ ਨੇ ਇਹ ਗੱਲ ਉੱਥੇ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਉਨ੍ਹਾਂ ਨੇ ਲੜਕੀ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਅਤੇ ਕੁਝ ਸਮੇਂ ਬਾਅਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਚਾਹ ਦੀ ਦੁਕਾਨ ਦਾ ਮਾਲਕ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ, ਜਦਕਿ ਉਸ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਤਿੰਨ ਲੜਕੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ।