ਦੋਸਤ ਨੂੰ ਸ਼ਰਾਬ ਪੀਣ ਲਈ ਦੋਸਤ ਨੇ ਬੁਲਾਇਆ ਘਰ, ਫਿਰ ਪਿਓ-ਪੁੱਤ ਨੇ ਰਲ ਕਰ ਦਿੱਤਾ ਕਤਲ

0
494

ਗੁਰਦਾਸਪੁਰ, 22 ਨਵੰਬਰ | ਚੋਣ ਡਿਊਟੀ ਤੋਂ ਘਰ ਪਰਤ ਰਹੇ ਦੋਸਤ ਨੂੰ ਘਰ ਬੁਲਾ ਕੇ ਦੂਜੇ ਦੋਸਤ ਅਤੇ ਉਸ ਦੇ ਪਿਤਾ ਨੇ ਕਤਲ ਕਰ ਦਿੱਤਾ। ਡੇਰਾ ਬਾਬਾ ਨਾਨਕ ਦੇ ਥਾਣਾ ਧਰਮਕੋਟ ਰੰਧਾਵਾ ਦੇ ਪਿੰਡ ਧਰਮਕੋਟ ਪੱਤਣ ਦੇ 25 ਸਾਲਾ ਨੌਜਵਾਨ ਸਚਿਨ ਦਾ ਉਸ ਦੇ ਦੋਸਤ ਸੁਨੀਲ ਅਤੇ ਉਸ ਦੇ ਪਿਤਾ ਸਤਨਾਮ ਵਾਸੀ ਪਿੰਡ ਝੰਗੀਆਂ ਨੇ ਕਤਲ ਕਰ ਦਿੱਤਾ।

ਪਿੰਡ ਵਾਸੀਆਂ ਨੇ ਅੱਜ ਥਾਣਾ ਧਰਮਕੋਟ ਰੰਧਾਵਾ ਦਾ ਘਿਰਾਓ ਕਰ ਕੇ ਇਨਸਾਫ ਦੀ ਮੰਗ ਕੀਤੀ। ਮ੍ਰਿਤਕ ਨੌਜਵਾਨ ਸਚਿਨ ਦੀ ਮਾਂ ਰੋਜ਼ੀ ਨੇ ਦੱਸਿਆ ਕਿ ਉਸ ਦਾ ਲੜਕਾ ਸਚਿਨ ਮਸੀਹ ਜੋ ਕਿ ਲੋਕ ਨਿਰਮਾਣ ਵਿਭਾਗ ਵਿਚ ਮੁਲਾਜ਼ਮ ਹੈ, ਗੁਰਦਾਸਪੁਰ ਵਿਚ ਨੌਕਰੀ ਕਰਦਾ ਸੀ।

ਕੱਲ ਪਿੰਡ ਝਾਂਗੀ ਦੇ ਉਸ ਦੇ ਦੋਸਤ ਸੁਨੀਲ ਨੇ ਉਸ ਨੂੰ ਘਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿਚ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਫੋਨ ਆਇਆ ਕਿ ਉਸ ਦੇ ਲੜਕੇ ਦੀ ਮੌਤ ਹੋ ਗਈ ਹੈ। ਅਸੀਂ ਤੁਰੰਤ ਅੰਮ੍ਰਿਤਸਰ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਗ੍ਰਿਫ਼ਤਾਰੀ ਵਿਚ ਦੇਰੀ ਕਰ ਰਹੀ ਹੈ।

ਥਾਣਾ ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਅਮਰਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਰੋਜ਼ੀ ਦੇ ਬਿਆਨਾਂ ਦੇ ਆਧਾਰ ’ਤੇ 2 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਚਿਨ ਦੇ ਦੋਸਤ ਸੁਨੀਲ ਨੇ ਸਚਿਨ ਨੂੰ ਸ਼ਰਾਬ ਪੀਣ ਲਈ ਆਪਣੇ ਘਰ ਬੁਲਾਇਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।

ਇਸ ਦੌਰਾਨ ਸੁਨੀਲ ਦੇ ਪਿਤਾ ਸਤਨਾਮ ਨੇ ਸਚਿਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸਚਿਨ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)