- 2 ਡਿਜੀਟਲ ਕਲਰ ਪ੍ਰਿੰਟਰ ਸਮੇਤ ਸਕੈਨਰ, ਇਕ ਲੈਪਟਾਮ 2 ਐਕਟਿਵਾ ਸਕੂਟਰ ਆਦਿ ਵੀ ਬਰਾਮਦ
ਹੁਸ਼ਿਆਰਪੁਰ . ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਪੁਲਿਸ ਵਲੋਂ ਅਹਿਮ ਸਫਲਤਾ ਹਾਸਲ ਕਰਦਿਆਂ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ 4 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 5,93,600 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ. ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਲਜ਼ਮ ਹੁਣ ਤੱਕ ਕਰੀਬ 15 ਲੱਖ ਰੁਪਏ ਦੀ ਜਾਅਲੀ ਕਰੰਸੀ ਵੱਖ-ਵੱਖ ਨੰਬਰੀ ਨੋਟ ਤਿਆਰ ਕਰਕੇ ਮਾਰਕਿਟ ਵਿੱਚ ਚਲਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅਮਰਿੰਦਰ ਸਿੰਘ ਸੂਰਜ ਵਾਸੀ ਸੈਂਟਰਲ ਟਾਊਨ ਥਾਣਾ ਸਿਟੀ ਹੁਸ਼ਿਆਰਪੁਰ, ਹਰਜਿੰਦਰ ਭਾਰਤੀ ਵਾਸੀ ਖਾਨਪੁਰ ਤਹਿਸੀਲ ਤੇ ਜ਼ਿਲ੍ਹਾ ਊਨਾ ਹਾਲ ਵਾਸੀ ਬਜਵਾੜਾ ਕਲਾਂ, ਗੁਰਸਿਮਰਨਜੀਤ ਸਿੰਘ ਵਾਸੀ ਫਾਂਬੜਾ ਥਾਣਾ ਹਰਿਆਣਾ ਅਤੇ ਜਗਤਾਰ ਸਿੰਘ ਵਾਸੀ ਕਿਲਾ ਬਰੂਨ ਵਜੋਂ ਹੋਈ ਹੈ।
ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਹਲ ਨੇ ਦੱਸਿਆ ਕਿ ਇਹ ਗੈਰ-ਕਾਨੂੰਨੀ ਕੰਮ ਬਾਰੇ ਸੂਹ ਮਿਲਣ ’ਤੇ ਐਸ.ਪੀ. ਜਾਂਚ ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ. ਸਿਟੀ ਜਗਦੀਸ਼ ਰਾਜ ਦੀ ਅਗਵਾਈ ਵਿੱਚ ਐਕਸ਼ਨ ਪਲਾਨ ਬਣਾ ਕੇ ਥਾਣਾ ਸਿਟੀ ਐਸ.ਐਚ.ਓ. ਗੋਵਿੰਦਰ ਕੁਮਾਰ ਅਤੇ ਐਸ.ਆਈ. ਪ੍ਰਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਟੈਗੋਰ ਪਾਰਕ ਦੇ ਸਾਹਮਣੇ ਚੋਅ ਵਾਲੇ ਪਾਸੇ ਤੋਂ ਕਾਬੂ ਕੀਤਾ। ਧਾਰਾ 489-ਏ, 489-ਬੀ, 489-ਸੀ, 489-ਡੀ, 34 ਆਈ.ਪੀ.ਸੀ. ਤਹਿਤ ਮੁਕਦਮਾ ਨੰਬਰ 222 ਮਿਤੀ 19-8-2020 ਸਥਾਨਕ ਥਾਣਾ ਸਿਟੀ ਵਿੱਚ ਦਰਜ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਚਾਰਾਂ ਨੂੰ ਕਾਬੂ ਕਰਨ ’ਤੇ ਗੁਰਸਿਮਰਨਜੀਤ ਸਿੰਘ ਊਰਫ ਬਾਬਾ ਊਰਫ ਸੋਢੀ ਦੀ ਜੇਬ ਵਿੱਚੋਂ 200 ਰੁਪਏ ਵਾਲੇ 100 ਨਕਲੀ ਨੋਟ ਕੁੱਲ 20 ਹਜ਼ਾਰ, ਅਮਰਿੰਦਰ ਸਿੰਘ ਤੋਂ 500 ਵਾਲੇ 100 ਜਾਅਲੀ ਨੋਟ ਕੁੱਲ 50 ਹਜ਼ਾਰ, ਹਰਜਿੰਦਰ ਭਾਰਤੀ ਤੋਂ 200 ਰੁਪਏ ਵਾਲੇ 100 ਜਾਅਲੀ ਨੋਟ ਕੁੱਲ 20 ਹਜ਼ਾਰ ਅਤੇ ਜਗਤਾਰ ਸਿੰਘ ਤੋਂ 500 ਰੁਪਏ ਦੇ 100 ਜਾਅਲੀ ਨੋਟ ਕੁੱਲ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਜੋ ਕਿ ਕੁੱਲ 1,40,000 ਰੁਪਏ ਦੇ ਜਾਅਲੀ ਨੋਟ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਉਨ੍ਹਾਂ ਦੇ ਇੰਕਸਾਫ਼ ’ਤੇ ਉਨ੍ਹਾਂ ਤੋਂ 12 ਡਿਜੀਟਲ ਕਲਰ ਪ੍ਰਿੰਟਰ, ਸਮੇਤ ਸਕੈਨਰ, ਇਕ ਲੈਪਟਾਪ, ਨੋਟ ਬਣਾਉਣ ਲਈ ਵੱਖ-ਵੱਖ ਕਿਸਮ ਦੇ ਰੰਗ, ਕਟਰ, ਟੇਪਾਂ ਸਮੇਤ 4 ਲੱਖ 53 ਹਜ਼ਾਰ ਰੁਪਏ ਦੇ ਭਾਰਤੀ ਕਰੰਸੀ ਦੇ ਹੋਰ ਜਾਅਲੀ ਨੋਟ ਬਰਾਮਦ ਕੀਤੇ ਗਏ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਹਰਜਿੰਦਰ ਭਾਰਤੀ ਖੁਦ ਨੂੰ ਇਕ ਚੈਨਲ ਦਾ ਰਿਪੋਰਟਰ ਦੱਸਦਾ ਸੀ ਜੋ ਕਿ ਪ੍ਰੈਸ ਰਿਪੋਰਟਰ ਦੀ ਆੜ ਵਿੱਚ ਨਕਲੀ ਕਰੰਸੀ ਛਾਪਣ ਵਾਲੇ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਹੋ ਜਾਅਲੀ ਕਰੰਸੀ ਛਾਪਦਾ ਅਤੇ ਚਲਾਉਂਦਾ ਸੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਮਰਿੰਦਰ ਸਿੰਘ (31) ਦੀ ਗਰੀਨ ਵਿਊ ਪਾਰਕ ਨੇੜੇ ਸੈਸ਼ਨ ਚੌਕ ਹੈਲਥ ਪ੍ਰੋਡਕਟਸ ਦੀ ਦੁਕਾਨ ਸੀ ਅਤੇ ਦੁਕਾਨ ਨਾ ਚੱਲਣ ਕਰਕੇ ਉਸ ’ਤੇ 20 ਲੱਖ ਰੁਪਏ ਦਾ ਕਰਜ਼ਾ ਸੀ। ਜਿਸ ਨੇ ਉਕਤ ਲੋਨ ਮੁਕਾਉਣ ਅਤੇ ਪੈਸਾ ਕਮਾਉਣ ਲਈ ਉਕਤ ਤਿੰਨਾਂ ਨੂੰ ਆਪਣੇ ਨਾਲ ਮਿਲਾ ਕੇ ਪ੍ਰਿੰਟਰ ਦੀ ਮਦਦ ਨਾਲ ਜਾਅਲੀ ਕਰੰਸੀ ਛਾਪਣੀ ਸ਼ੁਰੂ ਕਰ ਦਿੱਤੀ ਅਤੇ ਕਰੀਬ 15 ਲੱਖ ਰੁਪਏ ਦੀ ਜਾਅਲੀ ਕਰੰਸੀ ਮਾਰਕੀਟ ਵਿੱਚ ਚਲਾ ਦਿੱਤੀ। ਇਸੇ ਤਰ੍ਹਾ ਗੁਰਸਿਮਰਨਜੀਤ ਸਿੰਘ (28) ਜਿਸ ’ਤੇ ਥਾਣਾ ਹਰਿਆਣਾ ਵਿੱਚ ਕਰੀਬ 500 ਪੇਟੀ ਸ਼ਰਾਬ ਵੇਚਣ ਦਾ ਮੁਕਦਮਾ ਦਰਜ ਹੈ ਅਤੇ ਉਹ ਕਸਬਾ ਹਰਿਆਣਾ-ਭੂੰਗਾ ਵਿੱਚ ਜਾਅਲੀ ਨੋਟ ਚਲਾ ਰਿਹਾ ਸੀ। ਜਗਤਾਰ ਸਿੰਘ (43) ਸਿਟੀ ਸੈਂਟਰ ਹੁਸ਼ਿਆਰਪੁਰ ਵਿੱਚ ਬਤੌਰ ਸਕਿਓਰਿਟੀ ਗਾਰਡ ਕੰਮ ਕਰਦਾ ਸੀ ਅਤੇ ਬਜਵਾੜਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ’ਤੇ ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਧਾਰਾ 320,120 ਬੀ ਆਈ.ਪੀ.ਸੀ. ਤਹਿਤ ਮੁਕਦਮਾ ਦਰਜ ਹੈ ਅਤੇ ਉਹ ਮਿਤੀ 29 ਮਾਰਚ 2020 ਨੂੰ ਲੁਧਿਆਣਾ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ।