ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਪਰਮਰਾਜ ਸਿੰਘ ਉਮਰਾਨੰਗਲ ਨਾਮਜ਼ਦ

0
3833

ਚੰਡੀਗੜ੍ਹ . ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਾਲ ਜੁੜੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਉਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੁਲਿਸ ਨੇ ਕਤਲ ਅਤੇ ਇਰਾਦਾ-ਏ-ਕਤਲ ਦੇ ਕੇਸ ‘ਚ ਨਾਮਜ਼ਦ ਕਰ ਲਿਆ ਹੈ।

ਅਸਲ ਵਿੱਚ ਪੰਜਾਬ ਪੁਲਿਸ ਦੀ ਸ਼ਪੈਸ਼ਲ ਇਨਵੈਸਟੀਗੇਸ਼ਨ ਟੀਮ 14 ਅਕਤੂਬਰ 2015 ਨੂੰ ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਬਹਿਬਲ ਕਲਾਂ ‘ਚ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ‘ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਹੋਈ ਮੌਤ ਦੀ ਜਾਂਚ ਕਰ ਰਹੀ ਹੈ।

ਜਾਂਚ ਟੀਮ ਸਬੰਧਤ ਥਾਣਾ ਬਾਜਾਖਾਨਾ ਦੀ ਪੁਲਿਸ ਕੋਲ ਇਹ ਦਾਅਵਾ ਕੀਤਾ ਹੈ ਕਿ ਮੁਢਲੀ ਜਾਂਚ ਵਿੱਚ ਗਵਾਹਾਂ ਵੱਲੋਂ ਦਿੱਤੇ ਦਰਜ ਕਰਵਾਏ ਗਏ ਬਿਆਨਾਂ ਅਤੇ ਦਸਤਾਵੇਜ਼ਾਂ ਦੇ ਅਧਾਰ ‘ਤੇ ਕੀਤੀ ਗਈ ਪੜਤਾਲ ਵਿੱਚ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਇਹ ਦੋਵੇਂ ਪੁਲਿਸ ਅਧਿਕਾਰੀ ਗੋਲੀ ਕਾਂਡ ਲਈ ਜ਼ਿੰਮੇਵਾਰ ਹਨ।

ਥਾਣਾ ਬਾਜਾਖਾਨਾ ‘ਚ ਤਾਇਨਾਤ ਇੱਕ ਹੈਡ ਕਾਂਸਟੇਬਲ ਦੇ ਦਸਤਖ਼ਤਾਂ ਹੇਠ ਦਰਜ ਕੀਤੀ ਗਈ ‘ਜਨਰਲ ਡਾਇਰੀ ਡਿਟੇਲਸ’ ‘ਚ ਕਿਹਾ ਗਿਆ ਹੈ ਕਿ ਜਾਂਚ ਟੀਮ ਵੱਲੋਂ ਮੁੱਖ ਥਾਣਾ ਅਫ਼ਸਰ ਬਾਜਾਖਾਨਾ ਨੂੰ 21 ਅਕਤੂਬਰ 2015 ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 302, 307, 218, 201, 166-ਏ, 120-ਬੀ, 34, 194, 195, 109 ਅਤੇ ਅਸਲਾ ਐਕਟ ਦੀ ਧਾਰਾ 25-27-54-59 ਅਧੀਨ ਦਰਜ ਕੀਤੇ ਗਏ ਕੇਸ ਦੇ ਸੰਦਰਭ ਵਿੱਚ ਇੱਕ ਵਟਸਐਪ ਮੈਸਜ ਰਾਹੀਂ ਲਿਖਿਆ ਗਿਆ ਹੈ ਕਿ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸਿਟ ਦੀ ਇਸ ਪੜਤਾਲ ਦੇ ਅਧਾਰ ‘ਤੇ ਇਨਾਂ ਦੋਵਾਂ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ ਇਸ ਦੀ ਰਿਪੋਰਟ ਐੱਸਆਈਟੀ ਦੀਆਂ ਹਦਾਇਤਾਂ ਮੁਤਾਬਕ ਇਲਾਕਾ ਮੈਜਿਸਟਰੇਟ ਨੂੰ ਭੇਜੀ ਜਾ ਰਹੀ ਹੈ।

ਦਰਅਸਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਤੋਂ ਬਾਅਦ ਪੁਲਿਸ ਇਸ ਮਾਮਲੇ ‘ਚ ਮੋਗਾ ਦੇ ਤਤਕਾਲੀ ਐੱਸਐੱਸਪੀ ਚਰਨਜੀਤ ਸ਼ਰਮਾ ਸਮੇਤ ਐੱਸਪੀ ਰੈਂਕ ਦੇ ਦੋ ਪੁਲਿਸ ਅਫ਼ਸਰਾਂ ਸਣੇ ਕੁਝ ਹੋਰ ਪੁਲਿਸ ਵਾਲਿਆਂ ਨੂੰ ਪਹਿਲਾਂ ਹੀ ਇਸ ਮਾਮਲੇ ‘ਚ ਨਾਮਜ਼ਦ ਕਰ ਚੁੱਕੀ ਹੈ।

ਪੰਜਾਬ ਦੀਆਂ ਵੱਡੀਆਂ ਖਬਰਾਂ ਆਪਣੇ ਮੋਬਾਈਲ ਤੇ ਮੰਗਵਾਉਣ ਲਈ ਸਾਡੇ ਵੱਟਸ ਐਪ ਗਰੁੱਪ ਨਾਲ ਜੁੜੋ –

ਪੰਜਾਬ ਦੀ ਹਰ ਵੱਡੀ ਖਬਰ ਲਈ ਟੈਲੀਗ੍ਰਾਮ ਐਪ ਤੇ ਸਾਡੇ ਚੈਨਲ ਨਾਲ ਜੁੜੋ – https://t.me/Jalandharbulletin)