ਸਾਬਕਾ CM ਚੰਨੀ ਦਾ ਕਰੀਬੀ ਬਿਲਡਰ ਗ੍ਰਿਫਤਾਰ, ਨਾਜਾਇਜ਼ ਕਾਲੋਨੀਆਂ ਦੇ ਨਕਸ਼ੇ ਪਾਸ ਕਰਵਾਉਣ ਦੇ ਲੱਗੇ ਦੋਸ਼

0
538


ਮੋੇਹਾਲੀ | ਪੰਜਾਬ ਵਿਜੀਲੈਂਸ ਨੇ ਚਰਨਜੀਤ ਚੰਨੀ ਦੇ ਇਕ ਕਰੀਬੀ ਨੂੰ ਹਿਰਾਸਤ ‘ਚ ਲਿਆ ਹੈ। ਇਹ ਖਰੜ ਦਾ ਇਕ ਨਾਮੀ ਬਿਲਡਰ ਪ੍ਰਵੀਨ ਕੁਮਾਰ ਹੈ। ਇਸ ਦੇ ਮੋਹਾਲੀ ਤੇ ਖਰੜ ‘ਚ ਪ੍ਰੋਜੈਕਟ ਚੱਲ ਰਹੇ ਹਨ। ਸੂਤਰਾਂ ਅਨੁਸਾਰ ਬਿਲਡਰ ਖਿਲਾਫ਼ ਵਿਜੀਲੈਂਸ ਨੂੰ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ‘ਤੇ ਨਾਜਾਇਜ਼ ਕਾਲੋਨੀਆਂ ਨੂੰ ਪਾਸ ਕਰਵਾਉਣ ਦਾ ਇਲਜ਼ਾਮ ਵੀ ਹੈ, ਜਿਸ ਉਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਵਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵਿਜੀਲੈਂਸ ਨੇ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚੰਨੀ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਸ ਸਮੇਂ ਵੀ ਪ੍ਰੋਜੈਕਟਾਂ ਵਿਚ ਕਈ ਖਾਮੀਆਂ ਹੋਈਆਂ ਸਨ। ਪ੍ਰਵੀਨ ਕੁਮਾਰ ਦਾ ਚੰਨੀ ਨਾਲ ਪੁਰਾਣਾ ਰਿਸ਼ਤਾ ਦੱਸਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਇਹ ਪ੍ਰਾਜੈਕਟ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸ ਕੀਤੇ ਗਏ ਸਨ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।