ਚੰਡੀਗੜ੍ਹ। ਪਿਛਲੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਇਕ ਕਿੱਸਾ ਸਾਂਝਾ ਕੀਤਾ ਸੀ ਕਿ ਪੰਜਾਬ ਦੇ ਇਕ ਖਿਡਾਰੀ ਨੇ ਧਰਮਸ਼ਾਲਾ ਵਿਚ ਹੋ ਰਹੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰੀ ਨੌਕਰੀ ਦਿਵਾਉਣ ਬਦਲੇ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜ਼ਰੀਏ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।
ਇਸੇ ਮਾਮਲੇ ਨੂੰ ਲੈ ਕੇ ਅੱਜ ਦੁਪਹਿਰ 2 ਵਜੇ ਮੁੱਖ ਮੰਤਰੀ ਮਾਨ ਉਸੇ ਕ੍ਰਿਕਟਰ ਜੱਸਇੰਦਰ ਤੇ ਉਸਦੇ ਪਿਤਾ ਨਾਲ ਮੀਡੀਆ ਦੇ ਰੂਬਰੂ ਹੋਏ। ਮੀਡੀਆ ਸਾਹਮਣੇ ਕ੍ਰਿਕਟਰ ਤੇ ਉਸਦੇ ਪਿਤਾ ਨੇ ਮੰਨਿਆ ਕਿ ਨੌਕਰੀ ਬਦਲੇ ਸੀਐਮ ਚੰਨੀ ਜ਼ਰੀਏ ਉਸਦੇ ਭਾਣਜੇ ਨੇ 2 ਕਰੋੜ ਦੀ ਰਿਸ਼ਵਤ ਮੰਗੀ ਸੀ।
ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਸ਼ਾਮ 4 ਵਜੇ ਮੁੱਖ ਮੰਤਰੀ ਮਾਨ ਵਲੋਂ ਲਾਏ ਇਲਜ਼ਾਮਾਂ ਦਾ ਜਵਾਬ ਦੇਣਗੇ। ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਵਲੋਂ ਉਨ੍ਹਾਂ ਨੂੰ ਮਾਨਸਿਕ ਤੌਰ ਉਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਚੰਨੀ ਨੇ ਕਿਹਾ ਕਿ ਹੁਣ ਮਾਨ ਸਾਬ੍ਹ ਮੇਰੇ ਨਾਲ ਨਾਲ ਮੇਰੇ ਪਰਿਵਾਰ ਨੂੰ ਵੀ ਟਾਰਗੈੱਟ ਕਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕ੍ਰਿਕਟਰ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਕੋਈ ਹੱਥ ਨਹੀਂ, ਉਨ੍ਹਾਂ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ।