ਅਦਾਲਤ ‘ਚ ਪੇਸ਼ੀ ਦੌਰਾਨ ਪਰਿਵਾਰ ਨੂੰ ਮਿਲ ਕੇ ਰੋਏ ਸਾਬਕਾ ਕੈਬਨਿਟ ਮੰਤਰੀ ਅਰੋੜਾ, ਕਿਹਾ- ਮੈਂ ਬੇਕਸੂਰ ਹਾਂ

0
986

ਚੰਡੀਗੜ੍ਹ/ਪਟਿਆਲਾ| ਵਿਜੀਲੈਂਸ ਬਿਊਰੋ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਟੀਮ ਨੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ। ਇਸ ਦੌਰਾਨ ਉਹ ਪਰਿਵਾਰ ਨੂੰ ਮਿਲ ਕੇ ਭਾਵੁਕ ਹੋ ਗਏ ਅਤੇ ਰੋ ਲੱਗ ਪਏ। ਉਨ੍ਹਾਂ ਕਿਹਾ ਕਿ ਕਾਨੂੰਨ ਉਤੇ ਪੂਰਾ ਭਰੋਸਾ ਹੈ। ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ।

ਦੱਸਿਆ ਜਾ ਰਿਹਾ ਹੈ ਕਿ ਅਰੋੜਾ ਨੂੰ ਵਿਜੀਲੈਂਸ ਦੀ ਟੀਮ ਨੇ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪਤਾ ਲੱਗਾ ਹੈ ਕਿ ਰਿਸ਼ਵਤ ਦੇਣ ਸਮੇਂ ਉਸ ਦੇ ਨਾਲ ਮੌਜੂਦ ਪੀਏ ਮਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਵਿਜੀਲੈਂਸ ਬਿਊਰੋ ਅਰੋੜਾ ਵਿਰੁੱਧ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਸੀ। ਇਸ ਮਾਮਲੇ ਵਿੱਚ ਉਸ ਨੂੰ ਦੋ ਵਾਰ ਚੰਡੀਗੜ੍ਹ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਸੂਤਰਾਂ ਅਨੁਸਾਰ ਅਰੋੜਾ ਨੇ ਜਾਂਚ ਨੂੰ ਦਬਾਉਣ ਲਈ ਵਿਜੀਲੈਂਸ ਦੇ ਐਸਐਸਪੀ ਨਾਲ ਗੱਲਬਾਤ ਕੀਤੀ। ਪੰਜਾਹ ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ।

ਉਸ ਹੀ SSP ਨੇ ਅਰੋੜਾ ਨੂੰ ਜ਼ੀਰਕਪੁਰ ਨੇੜੇ ਜਾਲ ਵਿਛਾ ਕੇ ਰੰਗੇ ਹੱਥੀਂ ਕਾਬੂ ਕਰ ਲਿਆ। ਦੱਸ ਦੇਈਏ ਕਿ ਅਰੋੜਾ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ। ਕਾਂਗਰਸ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਅਰੋੜਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸੇ ਸਾਲ ਅਰੋੜਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਹਾਰ ਗਏ ਸਨ। ਅਰੋੜਾ ਕੁਝ ਸਮਾਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋਏ ਸਨ।