ਦੇਸ਼ ‘ਚ ਪਹਿਲੀ ਵਾਰ ਐਸਿਡ ਅਟੈਕ ਪੀੜਤ ਨੂੰ ਪੈਨਸ਼ਨ ਮਿਲੀ, ਤੇਜ਼ਾਬ ਸੁੱਟਣ ਕਾਰਨ ਉਸ ਦੀ ਅੱਖਾਂ ਦੀ ਚਲੀ ਗਈ ਸੀ ਰੌਸ਼ਨੀ 

0
3992

ਚੰਡੀਗੜ੍ਹ, 29 ਅਗਸਤ | ਸੂਬਾ ਸਰਕਾਰ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ 8,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਜਾਣਕਾਰੀ ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਪੀੜਤ ਮਲਕੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੀੜਤ ਨੂੰ ਦਿੱਤੇ ਜਾਣ ਵਾਲੇ ਬਕਾਏ ਦਾ ਚੈੱਕ ਵੀ ਹਾਈਕੋਰਟ ਨੂੰ ਸੌਂਪ ਦਿੱਤਾ।

ਪਟੀਸ਼ਨਕਰਤਾ ਦੇ ਵਕੀਲ ਐਚਸੀ ਅਰੋੜਾ ਨੇ ਕਿਹਾ ਕਿ ਮਲਕੀਤ ਦੇਸ਼ ਦਾ ਪਹਿਲਾ ਪੁਰਸ਼ ਤੇਜ਼ਾਬ ਹਮਲੇ ਦਾ ਸ਼ਿਕਾਰ ਹੈ ਅਤੇ ਪੰਜਾਬ ਸਰਕਾਰ ਨੇ ਉਸ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਹੈ। ਮਲਕੀਤ ਸਿੰਘ ਨੇ ਹਾਈ ਕੋਰਟ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਨੇ 2017 ਵਿੱਚ ਪੰਜਾਬ ਐਸਿਡ ਅਟੈਕ ਵਿਕਟਿਮ ਪਾਲਿਸੀ ਬਣਾਈ ਸੀ, ਜਿਸ ਵਿੱਚ ਸਰਕਾਰ ਨੇ ਸਿਰਫ ਤੇਜ਼ਾਬੀ ਹਮਲੇ ਤੋਂ ਪੀੜਤ ਔਰਤਾਂ ਨੂੰ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਉਪਬੰਧ ਕੀਤਾ ਸੀ, ਪਰ ਉਹ ਵੀ ਤੇਜ਼ਾਬੀ ਹਮਲੇ ਦੇ ਪੀੜਤ ਹਨ ਅਤੇ ਇਸ ਲਈ ਉਨ੍ਹਾਂ ਨੇ ਹਾਈ ਕੋਰਟ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਬਾਅਦ ਹੁਣ ਸਰਕਾਰ ਉਨ੍ਹਾਂ ਨੂੰ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਦੇਵੇਗੀ।

ਕੀ ਹੈ ਸਾਰਾ ਮਾਮਲਾ
ਧੂਰੀ ਦੇ ਪਿੰਡ ਕਾਤਰੋਂ ਦਾ ਰਹਿਣ ਵਾਲਾ ਮਲਕੀਤ ਸਿੰਘ ਬਲਦੇਵ ਸਿੰਘ ਦਾ ਟਰੱਕ ਚਲਾਉਂਦਾ ਸੀ। 22 ਜੁਲਾਈ 2011 ਨੂੰ ਜਦੋਂ ਉਹ ਬਲਦੇਵ ਸਿੰਘ ਤੋਂ ਤਨਖਾਹ ਲੈਣ ਗਿਆ ਤਾਂ ਬਲਦੇਵ ਸਿੰਘ ਨੇ ਘਰ ਦੀ ਛੱਤ ਤੋਂ ਉਸ ‘ਤੇ ਤੇਜ਼ਾਬ ਸੁੱਟ ਦਿੱਤਾ। ਮਲਕੀਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਹਾਦਸੇ ਕਾਰਨ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ।