ਪੰਜਾਬ ‘ਚ ਵਧੇਗੀ ਧੁੰਦ, ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

0
1889

ਲੁਧਿਆਣਾ | ਪੰਜਾਬ ਵਿੱਚ ਆਉਂਦੇ ਦਿਨਾਂ ‘ਚ ਮੌਸਮ ‘ਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਤੇ ਬਰਫਬਾਰੀ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਉਂਦੇ 24 ਘੰਟਿਆਂ ‘ਚ ਨਾ ਸਿਰਫ ਠੰਢ ਵਧੇਗੀ ਸਗੋਂ ਕਈ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਸਵੇਰ ਸਮੇਂ ਧੁੰਦ ‘ਚ ਵੀ ਇਜ਼ਾਫ਼ਾ ਹੋਵੇਗਾ ਤੇ ਦਿਨ ਦਾ ਪਾਰਾ ਹੋਰ ਹੇਠਾਂ ਡਿੱਗੇਗਾ ਜਿਸ ਨਾਲ ਠੰਢ ‘ਚ ਵਾਧਾ ਹੋਵੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਮੌਸਮ ਫਸਲਾਂ ਲਈ ਅਨੁਕੂਲ ਹੈ ਫ਼ਸਲਾਂ ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੋਏਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੇ 24 ਘੰਟਿਆਂ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਬੱਦਲਵਾਈ ਵਾਲਾ ਰਹੇਗਾ ਤੇ ਨਾਲ ਹੀ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਕੋਹਰਾ ਵਧੇਗਾ ਦਿਨ ਦੇ ਵੇਲੇ ਪਾਰਾ ਹੋਰ ਹੇਠਾਂ ਡਿੱਗੇਗਾ ਤੇ ਧੁੰਦ ‘ਚ ਵੀ ਆਉਂਦੇ ਦਿਨਾਂ ‘ਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲਗਾਤਾਰ ਪਹਾੜਾਂ ‘ਚ ਪੈ ਰਹੀ ਬਰਫਬਾਰੀ ਕਾਰਨ ਸ਼ੀਤ ਲਹਿਰ ਮੈਦਾਨੀ ਇਲਾਕਿਆਂ ‘ਚ ਠੰਢ ਨੂੰ ਵਧਾ ਰਹੀ ਹੈ।