ਚੰਡੀਗੜ੍ਹ, 29 ਨਵੰਬਰ | ਮੌਲੀਜਗੜਾ ਥਾਣਾ ਦੀ ਪੁਲਿਸ ਨੇ 15 ਸਾਲਾ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ 26 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 26 ਸਾਲਾ ਆਕਾਸ਼ ਵਾਸੀ ਖਜੂਰਾਹੋ, ਮੱਧ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕਰੇਗੀ। ਨਾਬਾਲਗ ਲੜਕੀ ਦੀ ਉਮਰ ਫਿਲਹਾਲ 14 ਸਾਲ 8 ਮਹੀਨੇ ਦੱਸੀ ਜਾ ਰਹੀ ਹੈ।
ਫਿਲਹਾਲ ਦੋਸ਼ੀ ਲਾਲੜੂ ‘ਚ ਰਹਿੰਦਾ ਹੈ। ਮੁਲਜ਼ਮ ਲਾਲੜੂ ਦੀ ਇੱਕ ਫੈਕਟਰੀ ਵਿਚ ਹੀ ਕੰਮ ਕਰਦਾ ਸੀ। ਮੌਲੀਜਗੜਾ, ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਵੀ ਇਸ ਫੈਕਟਰੀ ਵਿਚ ਕੰਮ ਕਰਦੀ ਹੈ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਆਪਣੀਆਂ ਗੱਲਾਂ ਨਾਲ ਵਰਗਲਾ ਲਿਆ। ਇਸ ਤੋਂ ਬਾਅਦ ਆਕਾਸ਼ ਉਸ ਨੂੰ ਆਪਣੇ ਨਾਲ ਲੈ ਗਿਆ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਨਾਬਾਲਗ ਦੇ ਲਾਪਤਾ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਇਸ ਮਾਮਲੇ ਵਿਚ 18 ਨਵੰਬਰ ਨੂੰ ਐਫਆਈਆਰ ਦਰਜ ਕੀਤੀ ਸੀ, ਜਿਸ ਤੋਂ ਬਾਅਦ ਜਾਂਚ ਅਧਿਕਾਰੀ ਵਰਿੰਦਰ ਕੌਸ਼ਿਕ ਆਪਣੀ ਟੀਮ ਨਾਲ ਲਾਲੜੂ ਪਹੁੰਚੇ ਅਤੇ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਲੜਕੀ ਦਾ ਮਨੀਮਾਜਰਾ ਹਸਪਤਾਲ ਵਿਚ ਮੈਡੀਕਲ ਕਰਵਾਇਆ, ਜਿੱਥੇ ਬਲਾਤਕਾਰ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਨਾਬਾਲਗ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਮੁਲਜ਼ਮ ਨੂੰ ਪੁੱਛਗਿੱਛ ਲਈ ਥਾਣੇ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਮਨਸਾ ਦੇਵੀ ਮੰਦਰ ‘ਚ ਨਾਬਾਲਗ ਨਾਲ ਵਿਆਹ ਕਰਵਾਇਆ ਸੀ। ਨਾਬਾਲਗ ਮੁਸਲਮਾਨ ਹੈ ਅਤੇ ਦੋਸ਼ੀ ਹਿੰਦੂ ਹੈ। ਪੁਲਿਸ ਮੰਦਰ ਦੇ ਪੁਜਾਰੀ ਤੋਂ ਪੁੱਛਗਿੱਛ ਕਰੇਗੀ ਕਿ ਉਸ ਨੇ ਨਾਬਾਲਗ ਨਾਲ ਵਿਆਹ ਕਿਵੇਂ ਕਰਵਾਇਆ। ਹਾਲਾਂਕਿ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਮੰਦਰ ‘ਚ ਲੜਕੀ ਦੀ ਉਮਰ 18 ਸਾਲ ਦੱਸੀ ਸੀ।