ਫਿਰੋਜ਼ਪੁਰ, 8 ਫਰਵਰੀ| ਫ਼ਿਰੋਜ਼ਪੁਰ ‘ਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਰੇਤ ਨਾਲ ਭਰੇ ਟਰਾਲੇ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਦੌਰਾਨ ਇੱਕ ਮਾਸੂਮ ਬੱਚੀ ਦੀ ਵੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਟਰਾਲਾ ਤੇਜ਼ ਰਫਤਾਰ ਨਾਲ ਆਇਆ ਅਤੇ ਲੋਕਾਂ ਨੂੰ ਕੁਚਲਦਾ ਹੋਇਆ ਅੱਗੇ ਲੰਘ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਫ਼ਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਕੱਸੋਆਣਾ ਵਿੱਚ ਵਾਪਰਿਆ ਹੈ। ਜਿਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਚਾਰ ਸਾਲ ਦੀ ਮਾਸੂਮ ਬੱਚੀ ਦੀ ਵੀ ਮੌਤ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਹ ਲੜਕੀ ਨੂੰ ਗੋਦੀ ‘ਚ ਲੈ ਕੇ ਕੁਝ ਹੋਰ ਲੋਕਾਂ ਨਾਲ ਤਾਸ਼ ਖੇਡ ਰਿਹਾ ਸੀ ਕਿ ਉਦੋਂ ਅਚਾਨਕ ਰੇਤ ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਟਰਾਲਾ ਉਨ੍ਹਾਂ ਦੇ ਉੱਪਰੋਂ ਲੰਘ ਗਿਆ, ਜਿਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਡਰਾਈਵਰ ਕਿਸੇ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ ਅਤੇ ਉਹ ਟਰਾਲੇ ‘ਤੇ ਕਾਬੂ ਨਾ ਰੱਖ ਸਕਿਆ ਅਤੇ ਪੂਰੀ ਰਫਤਾਰ ‘ਚ ਟਰਾਲਾ ਬੇਕਾਬੂ ਹੋ ਕੇ ਉਨ੍ਹਾਂ ਉੱਪਰ ਚੜ੍ਹ ਗਿਆ। ਉਨ੍ਹਾਂ ਦੀ ਮੰਗ ਹੈ ਕਿ ਟਰਾਲਾ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਜਦੋਂ ਇਸ ਘਟਨਾ ਸਬੰਧੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰਾਲਾ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।