ਮੋਹਾਲੀ। ਬਲਾਤਕਾਰ ਪੀੜਤਾ ਤੋਂ ਪੈਸੇ ਲੈਣ ਵਾਲੀ ਮਹਿਲਾ ASI ਦਾ ਵੀਡੀਓ ਵਾਇਰਲ ਹੋ ਗਿਆ ਅਤੇ ਬੁੱਧਵਾਰ ਨੂੰ ਪੂਰੇ ਮਾਮਲੇ ਨੇ ਨਵਾਂ ਮੋੜ ਲੈ ਲਿਆ। ਥਾਣਾ ਡੇਰਾਬੱਸੀ ਦੀ ਪੁਲਿਸ ਨੇ ਸ਼ਿਕਾਇਤਕਰਤਾ ਔਰਤ ਖ਼ਿਲਾਫ਼ ਬਲੈਕਮੇਲ ਕਰਨ ਅਤੇ ਮੁਲਜ਼ਮਾਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਡੇਰਾਬੱਸੀ ਥਾਣੇ ਦੇ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਹਾਜੀ ਨਦੀਮ ਅਹਿਮਦ ਖ਼ਿਲਾਫ਼ ਇਸ ਸਾਲ ਮਾਰਚ ਮਹੀਨੇ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ।
ਅੱਜ ਦੋਵੇਂ ਧਿਰਾਂ ਨੂੰ ਮਾਮਲੇ ਦੀ ਜਾਂਚ ਲਈ ਥਾਣੇ ਬੁਲਾਇਆ ਗਿਆ। ਔਰਤ ਪਹਿਲਾਂ ਆਈ ਸੀ ਜਦਕਿ ਦੋਸ਼ੀ ਹਾਜੀ ਨਦੀਮ ਅਹਿਮਦ ਅਤੇ ਉਸ ਦਾ ਭਰਾ ਹਾਜੀ ਨਸੀਮ ਅਹਿਮਦ ਬਾਅਦ ਵਿਚ ਆਏ ਸਨ। ਦੋਵੇਂ ਭਰਾਵਾਂ ਨੂੰ ਦੇਖ ਕੇ ਔਰਤ ਗੁੱਸੇ ‘ਚ ਆ ਗਈ ਅਤੇ ਆਪਣੇ ਕੋਲ ਪਹਿਲਾਂ ਤੋਂ ਰੱਖਿਆ ਚਾਕੂ ਕੱਢ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਦੋਵਾਂ ਭਰਾਵਾਂ ਦੇ ਹੱਥਾਂ ਅਤੇ ਗੁੱਟ ‘ਤੇ ਦੋ-ਤਿੰਨ ਜ਼ਖ਼ਮ ਹੋਏ ਹਨ ਹਮਲੇ ਤੋਂ ਬਾਅਦ ਔਰਤ ਨੇ ਦੋਵਾਂ ਨੂੰ ਬਲੈਕਮੇਲ ਕੀਤਾ ਅਤੇ ਪੈਸਿਆਂ ਦੀ ਮੰਗ ਕੀਤੀ। ਮੌਕੇ ‘ਤੇ ਮੌਜੂਦ ਮਹਿਲਾ ਪੁਲਸ ਮੁਲਾਜ਼ਮ ਨੇ ਉਸ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟੀ ਅਤੇ ਪੁਲਸ ਮੁਲਾਜ਼ਮਾਂ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿੱਤੀ। ਨਾਲ ਹੀ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਥਾਣੇ ‘ਚ ਹੀ ਖੁਦਕੁਸ਼ੀ ਕਰ ਲਵੇਗੀ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ।
ਸ਼ਿਕਾਇਤਕਰਤਾ ਔਰਤ ਨੇ ਫੇਸਬੁੱਕ ਲਾਈਵ ਕਰਕੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਦੂਜੇ ਪਾਸੇ ਸ਼ਿਕਾਇਤਕਰਤਾ ਔਰਤ ਨੇ ਆਪਣੇ ਫੇਸਬੁੱਕ ‘ਤੇ ਲਾਈਵ ਹੋ ਕੇ ਪੁਲਿਸ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਲਾਈਵ ‘ਚ ਉਸ ਨੇ ਦੱਸਿਆ ਕਿ ਥਾਣਾ ਇੰਚਾਰਜ ਨੇ ਉਸ ਨੂੰ ਥਾਣੇ ਬੁਲਾਇਆ ਸੀ ਪਰ ਜਦੋਂ ਉਹ ਥਾਣੇ ਪਹੁੰਚੀ ਤਾਂ ਦੋਸ਼ੀ ਅਤੇ ਉਸ ਦਾ ਭਰਾ ਪਹਿਲਾਂ ਹੀ ਬੈਠੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ ਹੈ। ਇਸ ਨੂੰ ਲੈ ਕੇ ਉਸ ਨੇ ਥਾਣੇ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਉਹ ਇਸ ਵਿਰੁੱਧ ਹਾਈ ਕੋਰਟ ਜਾਵੇਗੀ।
ਮੁਲਜ਼ਮ ਏਐਸਆਈ ਪ੍ਰਵੀਨ ਕੌਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸ਼ਿਕਾਇਤਕਰਤਾ ਔਰਤ ਨੇ ਮਹਿਲਾ ਏਐਸਆਈ ਪ੍ਰਵੀਨ ਕੌਰ ਦੀ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਪਾਈ ਸੀ। ਵੀਡੀਓ ਵਿੱਚ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਸਮੇਂ ਥਾਣੇ ਵਿੱਚ ਤਾਇਨਾਤ ਮਹਿਲਾ ਏਐਸਆਈ ਨੇ ਉਸ ਦੇ ਕੇਸ ਵਿੱਚ ਕਾਰਵਾਈ ਕਰਨ ਲਈ ਉਸ ਤੋਂ 50,000 ਰੁਪਏ ਦੀ ਰਿਸ਼ਵਤ ਲਈ ਸੀ। ਸੀਸੀਟੀਵੀ ਫੁਟੇਜ ਵਿੱਚ ਏਐਸਆਈ ਪੈਸੇ ਲੈਂਦੇ ਹੋਏ ਫੜੇ ਗਏ। ਇਸ ਦਾ ਨੋਟਿਸ ਲੈਂਦਿਆਂ ਉੱਚ ਪੁਲੀਸ ਅਧਿਕਾਰੀਆਂ ਨੇ ਮਹਿਲਾ ਏਐਸਆਈ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ।