ਲੁਧਿਆਣਾ। ਇਕ ਪਾਸੇ ਜਿਥੇ ਪੰਜਾਬ ਸਰਕਾਰ ਵਲੋਂ ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ,ਉਥੇ ਹੀ ਨਫਰਤੀ ਭਾਸ਼ਣ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ।
ਇਸ ਦੇ ਚਲਦੇ ਹੀ ਹੁਣ ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਯੁਵਾ ਮੋਰਚਾ ਜਤਿੰਦਰ ਗੋਰੀਅਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਲੁਧਿਆਣਾ ਦੇ ਵਸਨੀਕ ਜਤਿੰਦਰ ਗੋਰੀਅਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਸਦੀ ਈਸਾਈ ਭਾਈਚਾਰੇ ਨਾਲ ਕਿਹਾ ਸੁਣੀ ਹੁੰਦੀ ਹੈ ਅਤੇ ਫਿਰ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਪੁਲਿਸ ਵਲੋਂ ਧਾਰਮਿਕ ਭਾਵਨਾਨ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ 294, 295-A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ 23 ਨਵੰਬਰ ਨੂੰ ਵਾਇਰਲ ਹੋਈ ਵੀਡੀਓ ਦੇ ਅਧਾਰ ‘ਤੇ ਥਾਣਾ ਜਮਾਲਪੁਰ ਵਿਚ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ ਵਿਚ ਭਾਜਪਾ ਆਗੂ ਦੇ ਹੱਥਾਂ ਵਿਚ ਪਰਚੇ ਫੜੇ ਦਿਖਾਈ ਦੇ ਰਹੇ ਸਨ।
ਉਨ੍ਹਾਂ ਵਲੋਂ ਈਸਾਈ ਭਾਈਚਾਰੇ ਦੇ ਸਮਰਥਕਾਂ ਨਾਲ ਬਹਿਸ ਕੀਤੀ ਜਾ ਰਹੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਉਹ ਗੁਰਦੁਆਰਾ ਸਾਹਿਬ ਜਾਂ ਮੰਦਰ ਵਿਚ ਜਾ ਕੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਤਾਂ ਉਨ੍ਹਾਂ ਨੂੰ ਮੰਨਣਗੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਬੋਲਦੇ ਨਜ਼ਰ ਆ ਰਹੇ ਸਨ। ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਤੋਂ ਬਾਅਦ ਹੁਣ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਜਲਦ ਹੀ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।