ਕ੍ਰਿਕਟਰ ਤੋਂ DSP ਬਣੇ ਜੋਗਿੰਦਰ ਸ਼ਰਮਾ ਵਿਰੁੱਧ FIR; ਨੌਜਵਾਨ ਨੂੰ ਮ.ਰਨ ਲਈ ਮਜਬੂਰ ਕਰਨ ਦੇ ਲੱਗੇ ਇਲਜ਼ਾਮ

0
681

ਹਰਿਆਣਾ, 5 ਜਨਵਰੀ | ਹਿਸਾਰ ਵਿਚ ਕ੍ਰਿਕਟਰ ਤੋਂ DSP ਬਣੇ ਜੋਗਿੰਦਰ ਸ਼ਰਮਾ ਸਮੇਤ 6 ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ‘ਤੇ ਦਬੜਾ ਪਿੰਡ ਦੇ ਪਵਨ ਨੂੰ ਮਰਨ ਲਈ ਮਜਬੂਰ ਕਰਨ ਦਾ ਆਰੋਪ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ‘ਤੇ ਘਰ ਖਾਲੀ ਕਰਨ ਲਈ ਦਬਾਅ ਪਾਇਆ ਸੀ।

ਇਸ ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਵਿਚ ਧਰਨਾ ਦੇ ਰਹੇ ਹਨ। ਨੌਜਵਾਨ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ ਨੂੰ ਵੀ ਏਐਸਪੀ ਰਾਕੇਸ਼ ਲੋਕਾਂ ਨੂੰ ਮਨਾਉਣ ਪਹੁੰਚੇ ਪਰ ਪਰਿਵਾਰਕ ਮੈਂਬਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ। ਹੁਣ ਇਸ ਕੇਸ ਵਿਚ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।

ਮ੍ਰਿਤਕ ਪਵਨ ਦੀ ਮਾਂ ਸੁਨੀਤਾ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ 5 ਬੱਚੇ ਸਨ। ਉਸ ਦਾ ਲੜਕਾ ਪਵਨ ਸਭ ਤੋਂ ਵੱਡਾ ਸੀ, ਜਿਸ ਦੀ ਉਮਰ ਕਰੀਬ 27 ਸਾਲ ਸੀ, ਜਿਸ ਮਕਾਨ ਵਿਚ ਉਹ ਰਹਿੰਦੇ ਸਨ, ਉਸ ਨੂੰ ਲੈ ਕੇ ਅਜੈਬੀਰ, ਈਸ਼ਵਰ ਝਾਝਰੀਆ, ਪ੍ਰੇਮ ਖਾਟੀ, ਰਾਜਿੰਦਰ ਸੀਹਾ ਅਤੇ ਡੀਐਸਪੀ ਜੋਗਿੰਦਰ ਸ਼ਰਮਾ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਇਸ ਮਾਮਲੇ ਕਾਰਨ ਪੁੱਤਰ ਪਵਨ ਪ੍ਰੇਸ਼ਾਨ ਰਹਿੰਦਾ ਸੀ।

ਕਰੀਬ ਹਫ਼ਤਾ ਪਹਿਲਾਂ ਅਜੈਬੀਰ ਅਤੇ ਉਸ ਦਾ ਪੁੱਤਰ ਅਰਜੁਨ ਖੇਤ ਵਿਚ ਪਵਨ ਨੂੰ ਮਿਲੇ ਸਨ। ਦੋਵਾਂ ਨੇ ਪਵਨ ਨੂੰ ਕਿਹਾ ਕਿ ਉਹ ਆਪਣੀ ਮਾਂ ਨੂੰ ਘਰ ਖਾਲੀ ਕਰਨ ਲਈ ਕਹੇ। ਇਸ ਤੋਂ ਬਾਅਦ ਪਵਨ ਘਰ ਆ ਗਿਆ। ਉਹ ਲੋਕ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ। ਇਸ ਕਾਰਨ ਪਵਨ ਨੇ ਪਰੇਸ਼ਾਨ ਹੋ ਕੇ ਨਵੇਂ ਸਾਲ ਵਾਲੇ ਦਿਨ ਘਰ ਦੇ ਕਮਰੇ ‘ਚ ਜਾਨ ਦੇ ਦਿੱਤੀ।

ਸੁਨੀਤਾ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਅਕਤੂਬਰ 2020 ਵਿਚ ਜਾਨੋਂ ਮਾਰਨ ਦੀ ਧਮਕੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਤਤਕਾਲੀ ਡੀਐਸਪੀ ਜੋਗਿੰਦਰ ਸ਼ਰਮਾ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਸਾਰੇ ਮੁਲਜ਼ਮਾਂ ਨੂੰ ਨਾਲ ਲੈ ਕੇ ਉਸ ਦੇ ਘਰ ਆ ਕੇ ਉਸ ਨੂੰ ਧਮਕੀਆਂ ਦਿੱਤੀਆਂ। ਇਸ ਮਾਮਲੇ ਸਬੰਧੀ ਥਾਣਾ ਆਜ਼ਾਦ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਉਦੋਂ ਤੋਂ ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ।