ਪਰਸ਼ੀਅਨ ਦੇ ਡਾਇਲੌਗ ਸੰਗ ਸੰਵਾਦ ਕਰਦਿਆਂ

0
19017

ਮਾਰਾਂ ਹਾਅ ਸਬਰ ਦੀ, ਫੂਕਾਂ ਖੜ੍ਹੇ ਖੜੋਤੇ ਨੂੰ
….
ਪਰਸ਼ੀਅਨ ਮਿੱਥ ਕਥਾ ਹੈ- ਪੱਥਰ ਹੈ ਇਕ। ਸੰਗ-ਏ-ਸਬੂਰ। ਦੁੱਖ ਦੱਸਣ ਤੇ ਇਕ ਦਿਨ ਟੁੱਟ ਜਾਂਦਾ ਹੈ।
..
ਫ਼ਿਲਮ ਖ਼ਾਮੋਸ਼ ਔਰਤਾਂ ਦੀਆਂ ਚੀਕਾਂ ਨਾਲ ਭਰੀ ਹੈ। ਸੁਣੋ, ਕਿੱਥੋਂ ਤੱਕ ਜਾਂਦੀਆਂ ਨੇ ਉਹਨਾਂ ਦੀਆਂ ਚੀਕਾਂ।

ਦੇਸ਼ ਕੋਈ ਵੀ ਹੋ ਸਕਦੈ। ਔਰਤ ਦਾ ਕੋਈ ਵੀ ਨਾਂ ਹੋ ਸਕਦੈ। ਜੰਗ ਹੋ ਰਹੀ ਹੈ।

ਉਹਨੇ ਫੋਟੋ ਨਾਲ ਹੀ ‘ਲਾਵਾਂ’ ਲਈਆਂ। ਪਤੀ ਧਰਮ ਲਈ ਲੜਨ ਗਿਆ। ਲਾਸ਼ ਬਣ ਮੁੜਿਆ। ਕੋਮਾ ਚ ਹੈ।

ਧਰਮ ਘਰ ਤੱਕ ਪਹੁੰਚ ਗਿਆ। ਘੜੀ ਤੇ ਛਾਪ ਲਾਹ ਲਈ। ਸਮਾਂ ਤੇ ਰਿਸ਼ਤੇ ਖੋਹ ਲਏ। ਧਰਮ ਕੁਰਬਾਨੀ ਤਾਂ ਮੰਗਦਾ ਹੀ ਹੈ। ਧਰਮ ਲੜਦਾ ਹੈ ਪਵਿੱਤਰ ਪੁਸਤਕ ਤੇ ਧੂੜ ਪੈ ਜਾਂਦੀ ਹੈ। ਔਰਤ ਆਖਦੀ ਹੈ- ਜੋ ਪਿਆਰ ਨਹੀਂ ਕਰਨਾ ਜਾਣਦੇ, ਉਹ ਜੰਗ ਕਰਦੇ ਨੇ।

ਪਤਨੀ ‘ਪੱਥਰ’ ਨੂੰ ਦੁੱਖ ਦੱਸਦੀ ਹੈ। ਜੋ ਪਹਿਲਾਂ ਵੀ ਪੱਥਰ ਸੀ, ਕੋਮਾ ਚ ਸੀ।

ਕਹਾਣੀ – ਮੈਨੂੰ ਛੱਡ ਕੇ ਨਾ ਜਾਈਂ ਤੋਂ ਧੱਕੇ ਖਾ -ਤੱਕ ਦੀ ਹੈ।

ਬੇਹੱਦ ਬੋਲਡ ਫ਼ਿਲਮ ਹੈ। ਸ਼ਾਇਦ ਹੀ ਕੋਈ ਔਰਤ ਕਦੇ ਐਨਾ ਬੋਲਡ ਹੋ ਕੇ ਬੋਲੀ ਹੋਵੇ। ਮਰਜ਼ੀ ਦਾ ਕਦਮ ਚੁੱਕ ਲੈਂਦੀ ਹੈ। ਕਦੇ ਖੁਸ਼, ਕਦੇ ਅਪਰਾਧ-ਬੋਧ ਦਾ ਸ਼ਿਕਾਰ।

ਬੀਬੀ ਅੰਦਰਲੀਆਂ ਗੰਢਾਂ ਖੋਲ੍ਹਦੀ ਹੈ। ਅੰਦਰ ਲੱਗੀ ਸਦੀਆਂ ਦੀ ਜ਼ੰਗ ਖੁਰਚਦੀ ਹੈ। ਧਰਮ। ਨੈਤਿਕਤਾ ਨੂੰ ਸਬਰ ਦੀ ਹਾਅ ਮਾਰ ਫੂਕ ਦਿੰਦੀ ਹੈ।
ਔਰਤ ਅੰਦਰਲੀ ਔਰਤ ਬੋਲਦੀ ਹੈ। ਪਹਿਲੀ ਵਾਰ। ਖੁੱਲ੍ਹ ਕੇ। ਟੁੱਟੇ ਸ਼ੀਸ਼ੇ ਚ ਵਾਰ-ਵਾਰ ਚਿਹਰਾ ਵੇਖਦੀ ਹੈ।

ਅਸਲ ਚ ਹਰ ਇਕ ਅੰਦਰ ਬੰਨਿਆਂ ਬੈਠਾ ‘ਪ੍ਰੇਤ’ ਮਨਮਰਜ਼ੀ, ਆਜ਼ਾਦੀ ਚਾਹੁੰਦਾ ਹੈ।

ਪਹਿਲੇ ਸੀਨ ਚ ਪਰਦਿਆਂ ਤੇ ਉਡਦੇ ਪੰਛੀ ਕਾਫ਼ੀ ਕੁਝ ਕਹਿੰਦੇ ਨੇ। ਪਰਦੇ ਜੋ ਰੋਕ ਦਾ ਚਿੰਨ੍ਹ ਨੇ।

Golshifteh Farahani ਨੇ ਔਰਤ ਦਾ ਦੁੱਖ ਪ੍ਰਗਟ ਕਰਨ ਚ ਹੱਦ ਮੁੱਕ ਦਿੱਤੀ। ਚਿਹਰਾ ਬੋਲਦਾ ਹੈ। ਪੂਰੀ ਦੇਹ ਬੋਲਦੀ ਹੈ।

ਸੁੰਨ ਕਰ ਦੇਣ ਵਾਲੀ ਫ਼ਿਲਮ ਹੈ। ਮੁੱਕਣ ਤੇ ਤੁਸੀਂ ਚੁੱਪ ਹੋ ਜਾਂਦੇ ਹੋ। ਸੰਨਾਟਾ ਛਾ ਜਾਂਦਾ ਹੈ।