ਫ਼ਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੈਮਲਵਾਲਾ ਵਿਚ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਸਵਾਰ ਡਿੱਗ ਗਏ ਅਤੇ ਟਰਾਲੀ ਦਾ ਪਹੀਆ ਇਕ ਵਿਅਕਤੀ ਦੇ ਉੱਪਰ ਚੜ੍ਹ ਗਿਆ।
ਪਿਤਾ ਦੀਆਂ ਅੱਖਾਂ ਸਾਹਮਣੇ ਪੁੱਤ ਦੀ ਮੌਤ ਹੋ ਗਈ। ਮੱਲਾਂਵਾਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਟਰੈਕਟਰ-ਟਰਾਲੀ ਨੂੰ ਕਬਜ਼ੇ ‘ਚ ਲੈ ਕੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 32 ਸਾਲਾ ਦਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬੱਗੇਵਾਲਾ ਵਜੋਂ ਹੋਈ ਹੈ। ਪਿਤਾ ਦੀਦਾਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਦਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਦਵਿੰਦਰ ਨਾਲ ਮੋਟਰਸਾਈਕਲ ’ਤੇ ਮੱਲਾਂਵਾਲਾ ਆ ਰਿਹਾ ਸੀ। ਜਦੋਂ ਉਹ ਪਿੰਡ ਜੈਮਲ ਵਾਲਾ ਨੇੜੇ ਪਹੁੰਚਿਆ ਤਾਂ ਮੱਲਾਂਵਾਲਾ ਵਲੋਂ ਆ ਰਹੀ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ।