ਫਿਰੋਜ਼ਪੁਰ : ਚਾਰ ਦਿਨਾਂ ਤੋਂ ਲਾਪਤਾ 3 ਭਰਾਵਾਂ ‘ਚੋਂ 2 ਦੀਆਂ ਨਹਿਰ ‘ਚੋਂ ਮਿਲੀਆਂ ਲਾਸ਼ਾਂ; ਤੀਜੇ ਦੀ ਭਾਲ ਜਾਰੀ

0
2882

ਫਿਰੋਜ਼ਪੁਰ, 22 ਨਵੰਬਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। 4 ਦਿਨ ਪਹਿਲਾਂ ਫਿਰੋਜ਼ਪੁਰ-ਫਰੀਦਕੋਟ ਮਾਰਗ ‘ਤੇ ਲਾਪਤਾ ਹੋਏ ਫਰੀਦਕੋਟ ਦੇ ਪਿੰਡ ਝਾੜੀਵਾਲਾ ਦੇ 3 ਭਰਾਵਾਂ ‘ਚੋਂ 2 ਸਕੇ ਭਰਾਵਾਂ ਦੀਆਂ ਲਾਸ਼ਾਂ ਨਹਿਰ ‘ਚੋਂ ਬਰਾਮਦ ਹੋਈਆਂ ਹਨ ਤੇ ਤੀਜੇ ਦੀ ਭਾਲ ਜਾਰੀ ਹੈ। ਦੋਵਾਂ ਦੀ ਪਛਾਣ ਅਕਾਸ਼ਦੀਪ ਤੇ ਅਨਮੋਲਦੀਪ ਵਜੋਂ ਹੋਈ ਹੈ ਜਦਕਿ ਉਨ੍ਹਾਂ ਦੇ ਚਚੇਰੇ ਭਰਾ ਅਰਸ਼ਦੀਪ ਦੀ ਭਾਲ ਜਾਰੀ ਹੈ।

ਜ਼ਿਕਰਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀਵਾਲਾ ਤੋਂ ਵਿਆਹ ਲਈ ਕੱਪੜੇ ਖਰੀਦਣ ਆਏ 2 ਸਕੇ ਭਰਾ ਤੇ ਉਨ੍ਹਾਂ ਦਾ ਇਕ ਰਿਸ਼ਤੇਦਾਰ ਸਥਾਨਕ ਡੀਪੀਐਸ ਸਕੂਲ ਦੀ ਨਹਿਰ ਕੋਲ ਸ਼ੱਕੀ ਹਾਲਤ ‘ਚ ਲਾਪਤਾ ਹੋ ਗਿਆ ਸੀ ਤੇ ਨਹਿਰ ਦੇ ਪੁਲ ਕੋਲ ਉਨ੍ਹਾਂ ਦਾ ਨੁਕਸਾਨਿਆ ਹੋਇਆ ਮੋਟਰਸਾਈਕਲ ਬਰਾਮਦ ਹੋਇਆ ਸੀ।

ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਜਿਥੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ, ਉਥੇ ਹੀ ਵੱਖ-ਵੱਖ ਥਿਊਰੀਆਂ ‘ਤੇ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਚਰਚਾ ਇਹ ਵੀ ਹੈ ਕਿ ਕੀ ਇਹ ਇਕ ਹਾਦਸਾ ਹੈ ਜਾਂ ਕਿਸੇ ਵੱਲੋਂ ਸਾਜ਼ਿਸ਼ਨ ਇਨ੍ਹਾਂ ਤਿੰਨਾਂ ਨੂੰ ਨਹਿਰ ‘ਚ ਸੁੱਟਿਆ ਗਿਆ। ਫਿਲਹਾਲ ਦੋਵੇਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੀ 18 ਨਵੰਬਰ ਨੂੰ ਫ਼ਰੀਦਕੋਟ ਦੇ ਪਿੰਡ ਝਾੜੀਵਾਲਾ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ ਤੇ ਅਨਮੋਲਦੀਪ ਸਿੰਘ ਪੁੱਤਰ ਝਿਰਮਲ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ, ਜੋ ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਤੋਂ ਅਚਾਨਕ ਲਾਪਤਾ ਹੋ ਗਏ। ਉਨ੍ਹਾਂ ਦਾ ਮੋਟਰਸਾਈਕਲ ਨਹਿਰ ਦੇ ਪੁਲ ਕੋਲ ਮਿਲਿਆ ਸੀ, ਜਿਸ ਤੋਂ ਉਨ੍ਹਾਂ ਦੇ ਹਾਦਸਾਗ੍ਰਸਤ ਹੋਣ ਦੇ ਅੰਦਾਜੇ ਲਗਾਏ ਜਾ ਰਹੇ ਸਨ।