ਫਿਰੋਜ਼ਪੁਰ| ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਲਾਂਵਾਲਾ ਵਿਚ ਦਾਜ ਲਈ ਸਹੁਰਿਆਂ ਨੇ ਗਰਭਵਤੀ ਨੂੰਹ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੇ ਪੇਟ ‘ਚ ਪਲ਼ ਰਹੇ 3 ਮਹੀਨੇ ਦੇ ਬੱਚੇ ਦੀ ਗਰਭ ‘ਚ ਹੀ ਮੌਤ ਹੋ ਗਈ। ਜਦੋਂ ਵਿਆਹੁਤਾ ਔਰਤ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੀੜਤਾ ਦੇ ਬਿਆਨਾਂ ‘ਤੇ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਵਾਰਡ ਨੰਬਰ 4 ਦੇ ਵਸਨੀਕ ਪਤੀ ਵਿਕਰਮ ਸਿੰਘ, ਦੇਵਰ ਅਮਰਵੀਰ ਸਿੰਘ, ਸਹੁਰਾ ਜੋਗਾ ਸਿੰਘ ਅਤੇ ਸੱਸ ਰਾਜਵੀਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੱਲਾਂਵਾਲਾ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਉਸ ਦਾ ਵਿਆਹ ਵਿਕਰਮ ਸਿੰਘ ਨਾਲ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਵਿਚ ਉਸ ਦੇ ਮਾਪਿਆਂ ਨੇ ਆਪਣੀ ਸਮਰੱਥਾ ਅਨੁਸਾਰ ਦਾਜ ਵੀ ਦਿੱਤਾ ਸੀ।
ਵਿਆਹ ਦੇ 2 ਮਹੀਨੇ ਬਾਅਦ ਹੀ ਉਸ ਦੇ ਸਹੁਰਿਆਂ ਨੇ ਦਾਜ ਵਜੋਂ ਕਾਰ ਦੀ ਮੰਗ ਕਰਦਿਆਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵਿਆਹੁਤਾ ਔਰਤ ਨੇ ਦੱਸਿਆ ਕਿ ਕਾਰ ਦੀ ਮੰਗ ਨੂੰ ਦੇਖਦਿਆਂ ਉਹ 13 ਜੂਨ ਨੂੰ ਆਪਣੇ ਪੇਕੇ ਘਰੋਂ ਐਕਟਿਵਾ ਲੈ ਗਈ ਸੀ। ਜੋ ਉਸ ਦੇ ਸਹੁਰਿਆਂ ਨੂੰ ਪਸੰਦ ਨਹੀਂ ਸੀ।
ਉਸ ਦੀ ਐਕਟਿਵਾ ਦੀ ਵੀ ਭੰਨ-ਤੋੜ ਕੀਤੀ ਗਈ ਅਤੇ ਸਾਰਿਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਜਿਸ ਕਾਰਨ ਉਸ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਇਸ ਲੜਾਈ ਦੀ ਘਟਨਾ ਵਿਚ ਉਸ ਦੀ ਕੁੱਖ ਵਿਚਲੇ ਤਿੰਨ ਮਹੀਨੇ ਦੇ ਬੱਚੇ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ।
ਥਾਣਾ ਮੱਲਾਂਵਾਲਾ ਦੇ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ’ਤੇ ਪਤੀ, ਦਿਓਰ, ਸੱਸ ਅਤੇ ਸਹੁਰੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।