ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਵਿਚ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਨੇ 13 ਜਣਿਆਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਭੇਜ ਦਿੱਤਾ ਹੈ। ਐੱਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਰਮੇਸ਼ ਸਿੰਘ ਬਿੱਲਾ ਦੇ ਬਿਆਨਾਂ ’ਤੇ ਟਿੰਕੂ, ਸੰਜੂ, ਸ਼ਿਵਾ, ਕਿਸ਼ਨ, ਪ੍ਰਿੰਸ, ਅਮਰ, ਸਾਜਨ, ਚੇਤਨ ਵਾਸੀ ਆਵਾ ਬਸਤੀ ਤੇ 5 ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ।
ਬਿਆਨਕਰਤਾ ਹਰਮੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਵੇਰੇ ਮੇਲੇ ’ਤੇ ਗਿਆ ਹੋਇਆ ਸੀ, ਜਿਥੇ ਨੌਜਵਾਨਾਂ ਨਾਲ ਉਸ ਦਾ ਝਗੜਾ ਹੋ ਗਿਆ ਸੀ। ਉਕਤ ਵਿਅਕਤੀਆਂ ਨੇ ਵੀਰਵਾਰ ਦੇਰ ਰਾਤ ਉਸ ਦੇ ਘਰ ’ਤੇ ਇੱਟਾਂ-ਪੱਥਰ ਨਾਲ ਹਮਲਾ ਕਰ ਦਿੱਤਾ ਤੇ ਫਿਰ ਨੌਜਵਾਨ ਨੂੰ ਘਰ ਦੇ ਬਾਹਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਕਾਰਨ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਤੇ ਹਮਲਾਵਰ ਫ਼ਰਾਰ ਹੋ ਗਏ।
ਇਸ ਸਬੰਧੀ ਐੱਸਪੀ ਰਣਧੀਰ ਕੁਮਰ ਨੇ ਦੱਸਿਆ ਕਿ ਮ੍ਰਿਤਕ ਅਨੀਸ਼ ’ਤੇ ਫਿਰੋਜ਼ਪੁਰ ਸ਼ਹਿਰ ਥਾਣਾ, ਫਿਰੋਜ਼ਪੁਰ ਕੈਂਟ ਥਾਣਾ ਤੇ ਥਾਣਾ ਸਦਰ ਫਿਰੋਜ਼ਪੁਰ ਸਮੇਤ ਵੱਖ-ਵੱਖ ਥਾਣਿਆਂ ਵਿਚ ਨਾਜਾਇਜ਼ ਹਥਿਆਰਾਂ ਤੇ ਐੱਨਡੀਪੀਐੱਸ ਤੋਂ ਇਲਾਵਾ ਝਗੜਣ ਦੇ ਮਾਮਲੇ ਦਰਜ ਹਨ। ਅਪ੍ਰੈਲ ਮਹੀਨੇ ਵਿਚ ਅਨੀਸ਼ ਕੋਲੋਂ ਦੇਸੀ ਪਿਸਤੌਲ ਬਰਾਮਦ ਹੋਇਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਪੁਰਾਣੀ ਦੁਸ਼ਮਣੀ ਹੈ।