ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਮੋਦੀ ਮਿੱਲ ਦੇ ਕੋਲ ਐਕਟਿਵਾ ਅਤੇ ਟਰੈਕਟਰ-ਟਰਾਲੀ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਹੁਲ ਪੁੱਤਰ ਮਹਿੰਦਰ ਵਾਸੀ ਬਸਤੀ ਬੋਰੀਆਂ ਵਾਲੀ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਤਾਰਾ (24 ਸਾਲ) ਪੁੱਤਰ ਮਹਿੰਦਾ ਜੋ ਦੋਵੇਂ ਕੰਟੋਨਮੈਂਟ ਬੋਰਡ ਕੈਂਟ ਫਿਰੋਜ਼ਪੁਰ ਵਿਖੇ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦੇ ਹਨ। ਉਹ ਤੇ ਤਾਰਾ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਮੋਦੀ ਮਿੱਲ ਕੋਲ ਪੁੱਜੇ ਤਾਂ ਇਕ ਤੇਜ਼ ਰਫਤਾਰ ਟਰੈਕਟਰ-ਟਰਾਲੀ ਆ ਕੇ ਉਨ੍ਹਾਂ ਦੀ ਐਕਟਿਵਾ ਵਿਚ ਵੱਜੀ, ਜਿਸ ਕਰਕੇ ਉਹ ਸੜਕ ’ਤੇ ਡਿੱਗ ਪਏ ਤੇ ਟਰਾਲੀ ਦੇ ਟਾਇਰ ਤਾਰਾ ਦੇ ਉਪਰੋਂ ਦੀ ਲੰਘ ਗਏ । ਹਾਦਸੇ ਮਗਰੋਂ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਏ।
ਤਾਰਾ ਨੂੰ ਇਲਾਜ ਲਈ ਮੈਡੀਸਿਟੀ ਹਸਪਤਾਲ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੰਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।