ਫਿਰੋਜ਼ਪੁਰ। ਨਜ਼ਦੀਕੀ ਪਿੰਡ ਯਾਰੇ ਸ਼ਾਹ ਵਾਲਾ ਕੋਲ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਮਾਂ ਦੀ ਮੌਤ ਅਤੇ ਪੁੱਤਰ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਗਤਾਰ ਸਿੰਘ ਪੁੱਤਰ ਜਾਨੂੰ ਵਾਸੀ ਫਰੀਦੇਵਾਲਾ ਨੇ ਦੱਸਿਆ ਕਿ ਉਸ ਦੀ ਪਤਨੀ ਦਰਸ਼ੋ (55 ਸਾਲ) ਤੇ ਵੱਡਾ ਲੜਕਾ ਸੁੱਖਾ ਕਰੀਬ ਡੇਢ ਵਜੇ ਦੁਪਹਿਰ ਨੂੰ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ 47 ਬੀ 3042 ’ਤੇ ਸਵਾਰ ਹੋ ਕੇ ਤਨਖਾਹ ਲੈਣ ਲਈ ਬੈਂਕ ਜਾ ਰਹੇ ਸੀ। ਜਦ ਉਹ ਬੱਸ ਅੱਡਾ ਸ਼ੇਰ ਖਾਂ ਤੋਂ ਥੋੜ੍ਹਾ ਅੱਗੇ ਪਿੰਡ ਯਾਰੇ ਸ਼ਾਹ ਵਾਲਾ ਰੋਡ ਪਾਸ ਪੁੱਜੇ ਤਾਂ ਦੋਸ਼ੀ ਸੁਭਾਸ਼ ਚੰਦਰ ਸ਼ਰਮਾ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਚੱਕੀ ਕਲਾਨੋਰ ਜ਼ਿਲ੍ਹਾ ਗੁਰਦਾਸਪੁਰ ਜੋ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਟਰੱਕ ਚਲਾ ਰਿਹਾ ਸੀ, ਨੇ ਉਸ ਦੇ ਲੜਕੇ ਸੁੱਖਾ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਉਸ ਦੀ ਪਤਨੀ ਦਰਸ਼ੋ ਦੀ ਪੁੱਤ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਵਿਚ ਉਸਦੇ ਲੜਕੇ ਸੁੱਖਾ ਸਿੰਘ ਦੇ ਵੀ ਸੱਟਾਂ ਲੱਗੀਆਂ । ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।