ਫ਼ਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ੀਰਾ-ਫ਼ਿਰੋਜ਼ਪੁਰ ਮਾਰਗ ’ਤੇ ਪਿੰਡ ਲੋਹਗੜ੍ਹ ਨੇੜੇ ਮੋਟਰਸਾਈਕਲ ‘ਤੇ ਜਾ ਰਹੇ ਵਿਅਕਤੀ ‘ਤੇ ਸਫ਼ੈਦਾ ਡਿੱਗਣ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਮੇਸ਼ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪੰਜੇ ਕੇ ਉਤਾੜ ਵਜੋਂ ਹੋਈ ਹੈ, ਜੋ ਠੱਠਾ ਸਾਹਿਬ ਗ੍ਰਿਡ ਵਿਚ ਏ. ਐਲ. ਐਮ ਦੇ ਤੌਰ ‘ ਤੇ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਿਜਲੀ ਘਰ 66 ਕੇਵੀ ਗ੍ਰਿਡ ਠੱਠਾ ਕਿਸ਼ਨ ਸਿੰਘ ਵਿਖੇ ਡਿਊਟੀ ‘ਤੇ ਜਾ ਰਿਹਾ ਸੀ ਕਿ ਅਚਾਨਕ ਸੜਕ ਕਿਨਾਰੇ ਖੜ੍ਹਾ ਸਫ਼ੈਦਾ ਉਪਰ ਡਿੱਗ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਲੋਕਾਂ ਵੱਲੋਂ ਇਸ ਨੂੰ ਜੰਗਲਾਤ ਵਿਭਾਗ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ।







































