ਫਿਰੋਜ਼ਪੁਰ: ਹਿੰਦ ਪਾਕਿ ਕੌਮਾਂਤਰੀ ਸਰਹੱਦ ਦੇ ਫਿਰੋਜ਼ਪੁਰ ਸੈਕਟਰ ਵਿਚੋਂ ਬੀ ਐਸ ਐਫ ਨੂੰ ਹਥਿਆਰਾਂ ਦੀ ਇਕ ਵੱਡੀ ਖੇਪ ਮਿਲੀ ਹੈ। ਬੀ ਐਸ ਐਫ ਦੀ ਜਗਦੀਸ਼ ਚੌਕੀ ਕੋਲੋਂ ਮਿਲੇ ਇਕ ਬੈਗ ਵਿੱਚੋਂ ਤਿੰਨ ਏਕੇ 47, ਤਿੰਨ ਮਿੰਨੀ ਏ ਕੇ 47 , 3 ਪਿਸਤੌਲ ਅਤੇ ਵੱਖ ਵੱਖ ਹਥਿਆਰਾਂ ਦੇ 200 ਕਾਰਤੂਸ ਬਰਾਮਦ ਹੋਏ ਹਨ।
ਸਰਹੱਦੀ ਸੁਰੱਖਿਆ ਬਲ ਦੀ 136 ਬਟਾਲੀਅਨ ਦੇ ਅਧਿਕਾਰੀਆਂ ਮੁਤਾਬਕ ਬੀਤੀ ਰਾਤ ਇਲਾਕੇ ਵਿੱਚ ਡਰੋਨ ਦੀ ਮੂਵਮੈਂਟ ਵੇਖੀ ਗਈ ਸੀ। ਤੜਕੇ ਜਦੋਂ ਇਲਾਕੇ ਦੀ ਸਰਚ ਕੀਤੀ ਗਈ ਤਾਂ ਜਗਦੀਸ਼ ਚੌਂਕੀ ਦੀ ਸਰਹੱਦ ਨੇੜੇ ਹਥਿਆਰਾਂ ਦਾ ਇੱਕ ਬੈਗ ਬਰਾਮਦ ਕੀਤਾ। ਉਸ ਵਿਚੋਂ 3 ਏ ਕੇ 47 ਰਾਈਫਲ 6 ਮੈਗਜ਼ੀਨ, 3 ਮਿੰਨੀ ਏ.ਕੇ 47 ਰਾਈਫਲ 5 ਮੈਗਜ਼ੀਨ, 3 ਪਿਸਤੌਲ 6 ਮੈਗਜ਼ੀਨ ਅਤੇ 200 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਅਧਿਕਾਰੀਆਂ ਮੁਤਾਬਕ ਬੈਗ ਦੇ ਉੱਪਰ ਡਰੋਨ ਰਾਹੀਂ ਸੁੱਟੇ ਜਾਣ ਵਾਲੀ ਹੁੱਕ ਲੱਗੀ ਹੋਈ ਸੀ ।
ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਰਹੱਦੀ ਪਿੰਡ ਮੁੱਠਿਆਂ ਵਾਲਾ ਦੇ ਕੋਲੋਂ ਵੀ ਹਥਿਆਰਾਂ ਦੀ ਖੇਪ ਬਰਾਮਦ ਹੋਈ ਸੀ, ਜਿਸ ਵਿੱਚੋਂ ਏ ਕੇ 56 ਰਾਈਫਲ ਬਰਾਮਦ ਹੋਏ ਸਨ।