ਵਿਦਿਆਰਥਣਾਂ ਨੂੰ ਮੁਫਤ ਲੱਗੇਗੀ ਸਰਵਾਈਕਲ ਕੈਂਸਰ ਦੀ ਵੈਕਸੀਨ, ਕੇਂਦਰ ਸਰਕਾਰ ਵਲੋਂ ਲਿਆ ਜਾ ਸਕਦੈ ਵੱਡਾ ਫੈਸਲਾ

0
614

ਨਵੀਂ ਦਿੱਲੀ | ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ। ਕੇਂਦਰ ਨੇ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਸਕੂਲਾਂ ਵਿਚ ਹੀ ਸਰਵਾਈਕਲ ਕੈਂਸਰ ਦੀ ਵੈਕਸੀਨ ਲਾਉਣ ਦਾ ਪਲਾਨ ਬਣਾਇਆ ਹੈ। ਭਾਰਤੀ ਮਹਿਲਾਵਾਂ ਵਿਚ ਸਰਵਾਈਕਲ ਕੈਂਸਰ ਦੂਜਾ ਸਭ ਤੋਂ ਵੱਡਾ ਕੈਂਸਰ ਰੋਗ ਹੈ।

ਸਪੈਸ਼ਲ ਪੀਟੀਐੱਮ ਜ਼ਰੀਏ ਸਕੂਲ ਦੇ ਟੀਚਰ ਸਾਰੇ ਮਾਤਾ-ਪਿਤਾ ਨੂੰ ਐੱਚਪੀਵੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਨਗੇ। ਇਸ ਲਈ ਮਾਈਕ੍ਰੋ ਪਲਾਨਿੰਗ ਕੀਤੀ ਜਾਵੇਗੀ। ਜੀਐੱਲਐੱਸ ਮੈਪਿੰਗ ਜ਼ਰੀਏ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀ ਇਕ ਸੂਚੀ ਬਣਾਈ ਜਾਵੇਗੀ, ਜਿਸ ਨਾਲ ਕੋਈ ਵੀ ਸਕੂਲ ਇਸ ਵੈਕਸੀਨੇਸ਼ਨ ਡਰਾਈਵ ਤੋਂ ਬਚ ਨਾ ਜਾਵੇ।

ਸਰਕਾਰ ਦੀ ਯੋਜਨਾ ਮੁਤਾਬਕ ਸਰਵਾਈਕਲ ਕੈਂਸਰ ਦੀ ਵੈਕਸੀਨ ਉਨ੍ਹਾਂ ਸਕੂਲਾਂ ਵਿਚ ਪਹਿਲਾਂ ਦਿੱਤੀ ਜਾਵੇਗੀ ਜਿਥੇ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ। ਮੁਹਿੰਮ ਦੇ ਦਿਨ ਜੋ ਲੜਕੀਆਂ ਸਕੂਲ ਨਹੀਂ ਆਉਣਗੀਆਂ, ਉਨ੍ਹਾਂ ਦੇ ਵੈਕਸੀਨੇਸ਼ਨ ਲਈ ਨੇੜੇ ਸਿਹਤ ਕੇਂਦਰ ‘ਤੇ ਵਿਵਸਥਾ ਕੀਤੀ ਜਾਵੇਗੀ। ਸਕੂਲ ਨਾ ਜਾਣ ਵਾਲੀਆਂ 9 ਤੋਂ 14 ਸਾਲ ਦੀਆਂ ਕੁੜੀਆਂ ਨੂੰ ਮੋਬਾਇਲ ਟੀਮ ਜ਼ਰੀਏ ਵੈਕਸੀਨੇਸ਼ਨ ਦਾ ਹਿੱਸਾ ਬਣਾਇਆ ਜਾਵੇਗਾ। ਰਜਿਸਟ੍ਰੇਸ਼ਨ ਲਈ ਯੂਵਿਨ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਸ਼ਾ-ਨਿਰਦੇਸ਼ ਦੇਣ ਤੇ ਹੋਰ ਫੈਸਲੇ ਲੈਣ ਦੀ ਅਪੀਲ ਕੀਤੀ ਗਈ ਹੈ। ਵੈਕਸੀਨੇਸ਼ਨ ਲਈ ਜ਼ਿਲੇ ਦੇ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਦੇ ਮੈਨੇਜਮੈਂਟ ਬੋਰਡ ਨਾਲ ਸੰਪਰਕ ਕੀਤਾ ਜਾਵੇਗਾ। ਹਰ ਸਕੂਲ ਦੇ ਇਕ ਮੁਖੀ ਨੂੰ ਲੱਭਿਆ ਜਾਵੇਗਾ।

ਸਰਵਾਈਕਲ ਕੈਂਸਰ ਦਾ ਇਲਾਜ ਤੇ ਰੋਕਥਾਮ ਸੰਭਵ ਹੈ। ਬਸ ਇਸ ਦਾ ਪਤਾ ਸਹੀ ਸਮੇਂ ‘ਤੇ ਲੱਗ ਜਾਣਾ ਚਾਹੀਦਾ ਹੈ। ਜ਼ਿਆਦਾਤਰ ਸਰਵਾਈਕਲ ਕੈਂਸਰ ਹਿਊਮਨ ਪੈਪਿਲੋਮਾ ਵਾਇਰਸ ਨਾਲ ਜੁੜੇ ਹੁੰਦੇ ਹਨ। ਜੇਕਰ ਐੱਚਪੀਵੀ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਲੜਕੀਆਂ ਤੇ ਔਰਤਾਂ ਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਜ਼ਿਆਦਾਤਰ ਮਾਮਲਿਆਂ ਦੀ ਰੋਕਥਾਮ ਲਈ ਪ੍ਰਭਾਵੀ ਹੈ।