ਵਾਸ਼ਿੰਗਟਨ, 26 ਅਕਤੂਬਰ| ਟੈਕਨਾਲੋਜੀ ਨੇ ਸਾਰੀ ਦੁਨੀਆਂ ਨੂੰ ਆਪਣਾ ਗੁਲਾਮ ਬਣਾ ਲਿਆ ਹੈ। ਅਸਸਲ ਵਿਚ ਤੁਸੀਂ ਫੋਨ ਨਹੀਂ ਚਲਾ ਰਹੇ ਹੁੰਦੇ, ਸਗੋਂ ਫੋਨ ਤੁਹਾਨੂੰ ਚਲਾ ਰਿਹਾ ਹੁੰਦਾ ਹੈ। ਇਸਦਾ ਬੱਚਿਆਂ ਉਤੇ ਜ਼ਿਆਦਾ ਦਿਖਾਈ ਦੇ ਰਿਹਾ ਹੈ।
ਵਾਸ਼ਿੰਗਟਨ ਡੀਸੀ ਦੇ ਨਾਲ-ਨਾਲ ਅਮਰੀਕਾ ਦੇ 41 ਰਾਜਾਂ ਨੇ ਸੋਸ਼ਲ ਮੀਡੀਆ ਦਿੱਗਜ ਮੇਟਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ‘ਤੇ ਦੋਸ਼ ਹੈ ਕਿ ਉਹ ਆਪਣੇ ਪਲੇਟਫਾਰਮ, ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਅਜਿਹੇ ਫੀਚਰਸ ਪੇਸ਼ ਕਰ ਰਹੀ ਹੈ ਜੋ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹ ਇਸ ਦੇ ਆਦੀ ਹੋ ਰਹੇ ਹਨ। ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ, 233 ਪੰਨਿਆਂ ਦੀ ਸੰਘੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਲਾਭ ਦੀ ਖ਼ਾਤਰ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਨੁਕਸਾਨਦੇਹ ਸਮੱਗਰੀ ‘ਤੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਬੱਚਿਆਂ ਦੀ ਨਿੱਜਤਾ ‘ਤੇ ਸੰਘੀ ਕਾਨੂੰਨਾਂ ਦੀ ਵੀ ਉਲੰਘਣਾ ਕਰ ਰਹੀ ਹੈ।
ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਮੇਟਾ ਆਪਣੇ ਪਲੇਟਫਾਰਮ ‘ਤੇ ਅਜਿਹੇ ਫੀਚਰਸ ਜੋੜ ਰਿਹਾ ਹੈ ਜੋ ਬੱਚਿਆਂ ਨੂੰ ਦਿਨ ਭਰ ਰੁੱਝੇ ਰੱਖਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਰਾਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਜਾਣਬੁੱਝ ਕੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਬੱਚਿਆਂ ਨੂੰ ਸਾਈਟ ‘ਤੇ ਰੱਖਣ ਲਈ ਬਦਲਾਅ ਕੀਤੇ, ਜਿਸ ਨਾਲ ਉਨ੍ਹਾਂ ਦੀ ਸਿਹਤ ‘ਤੇ ਅਸਰ ਪਵੇਗਾ।