ਫਾਜ਼ਿਲਕਾ : ਵਿਆਹ ਸਮਾਗਮ ‘ਚ ਜਾ ਰਹੇ ਪਤੀ-ਪਤਨੀ ਦੀ ਕਾਰ ਹਾਦਸੇ ਦਾ ਹੋਈ ਸ਼ਿਕਾਰ, ਪਤਨੀ ਦੀ ਮੌ.ਤ

0
11357

ਫਾਜ਼ਿਲਕਾ, 10 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਾਜ਼ਿਲਕਾ ‘ਚ ਕਾਰ ਡਿਵਾਈਡਰ ਤੋੜ ਕੇ ਦੂਜੀ ਕਾਰ ‘ਤੇ ਜਾ ਡਿੱਗੀ। ਹਾਦਸੇ ਵਿਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਨੈਸ਼ਨਲ ਹਾਈਵੇ ‘ਤੇ ਗਿੱਦੜਬਾਹਾ ਨੇੜੇ ਵਾਪਰਿਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਪਰਿਵਾਰ ਸਮੇਤ ਇਕ ਵਿਆਹ ਵਿਚ ਜਾ ਰਹੇ ਸਨ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਬੂਟਾ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹਰਭਜਨ ਸਿੰਘ ਪੁੱਤਰ ਬਲਵਿੰਦਰ ਸਿੰਘ ਆਪਣੀ ਪਤਨੀ ਹਰਮਨ ਕੌਰ ਨਾਲ ਆਲਟੋ ਕਾਰ ਵਿਚ ਗਿੱਦੜਬਾਹਾ ਵਿਖੇ ਇਕ ਵਿਆਹ ਵਿਚ ਜਾ ਰਿਹਾ ਸੀ। ਜਦੋਂ ਉਹ ਪਿੰਡ ਥੇਹੜੀ ਨੇੜੇ ਪਹੁੰਚੇ ਤਾਂ ਗਿੱਦੜਬਾਹਾ ਦੇ ਦੂਜੇ ਪਾਸੇ ਤੋਂ ਆ ਰਹੀ ਸਵਿਫਟ ਕਾਰ ਡਿਵਾਈਡਰ ਤੋੜ ਕੇ ਕਾਰ ’ਤੇ ਜਾ ਡਿੱਗੀ।

ਇਸ ‘ਚ ਦੋਵੇਂ ਪਤੀ-ਪਤਨੀ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਹਰਭਜਨ ਸਿੰਘ ਦੀ ਪਤਨੀ ਹਰਮਨ ਕੌਰ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਹਰਭਜਨ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ। ਹਰਭਜਨ ਸਿੰਘ ਦਾ ਇਕਲੌਤਾ ਪੁੱਤਰ ਕਰੀਬ 13 ਸਾਲ ਦਾ ਹੈ। ਹਰਭਜਨ ਸਿੰਘ ਪੇਸ਼ੇ ਤੋਂ ਇਕ ਛੋਟਾ ਕਿਸਾਨ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ।