ਫਾਜ਼ਿਲਕਾ : ਛਾਪਾ ਮਾਰਨ ਗਈ ਸਟੇਟ ਆਪ੍ਰੇਸ਼ਨ ਸੈੱਲ ਟੀਮ ‘ਤੇ ਹਮਲਾ, ਹਥਿਆਰ ਖੋਹ ਕੇ ਕੁੱਟੇ ਪੁਲਿਸ ਮੁਲਾਜ਼ਮ

0
77

ਫਾਜ਼ਿਲਕਾ| ਫਾਜ਼ਿਲਕਾ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਟੀਮ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਬੱਖੂਸ਼ਾਹ ਦਾ ਹੈ ਜਿਥੇ ਇਲਾਕੇ ਵਿਚ ਪੁਲਿਸ ਟੀਮ ਖੁਫੀਆ ਮਿਸ਼ਨ ‘ਤੇ ਗਈ ਫਾਜ਼ਿਲਕਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ‘ਤੇ ਕੁਝ ਪਿੰਡ ਵਾਲਿਆਂ ਵੱਲੋਂ ਹਮਲਾ ਕੀਤਾ ਗਿਆ।

ਹਮਲੇ ਵਿਚ 3 ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ। ਅਜੇ ਤੱਕ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਹੈ। ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਕੁਝ ਵੀ ਨਹੀਂ ਬੋਲਿਆ ਜਾ ਰਿਹਾ।

ਇਸ ਮਾਮਲੇ ਵਿਚ ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਦੀ ਹੈ। ਬਲਵਿੰਦਰ ਸਿੰਘ ਪੰਚਾਇਤ ਮੈਂਬਰ ਪਿੰਡ ਬੱਖੂ ਸ਼ਾਹ ਨੇ ਦੱਸਿਆ ਕਿ ਐਤਵਾਰ ਰਾਤ 11 ਵਜੇ ਦੇ ਲਗਭਗ 6 ਪੁਲਿਸ ਮੁਲਾਜ਼ਮ ਬਿਨਾਂ ਵਰਦੀ ਦੇ ਪਿੰਡ ਵਿਚ ਛਾਪਾ ਮਾਰਨ ਗਏ ਸਨ ਜਿਥੇ ਉਨ੍ਹਾਂ ਨੂੰ ਕੁਝ ਪਿੰਡ ਵਾਲਿਆਂ ਨੇ ਘੇਰ ਲਿਆ ਤੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ।

ਇਸ ਤੋਂ ਇਲਾਵਾ ਇਨ੍ਹਾਂ ਮੁਲਾਜ਼ਮਾਂ ਨੇ ਜਦੋਂ ਆਪਣਾ ਆਈਡੀ ਕਾਰਡ ਦਿਖਾਉਣਾ ਚਾਹਿਆ ਤਾਂ ਉਨ੍ਹਾਂ ਦਾ ਆਈਡੀ ਕਾਰਡ ਵੀ ਫਾੜ ਦਿੱਤਾ ਗਿਆ। ਪੰਚਾਇਤ ਮੈਂਬਰ ਮੁਤਾਬਕ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿਚੋਂ ਦੋ ਤੋਂ ਰਿਵਾਲਵਰ ਖੋਹ ਲਏ ਗਏ। ਇਸ ਦੇ ਬਾਅਦ ਇਨ੍ਹਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਪੁਲਿਸ ਮੁਲਾਜ਼ਮ ਉੁਥੋਂ ਭੱਜ ਗਏ।

ਇਸ ਦੇ ਬਾਅਦ ਪੁਲਿਸ ਉੱਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਜਾ ਕੇ ਬੀਐੱਸਐੱਫ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਛੁਡਾਇਆ ਤੇ ਵਾਪਸ ਲਿਆ ਕੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਖਬਰ ਹੈ ਕਿ ਪੁਲਿਸ ਟੀਮ ‘ਤੇ ਹਮਲਾ ਕਰਨ ਬਾਬਤ ਫਾਜ਼ਿਲਕਾ ਦੀ ਸਦਰ ਥਾਣਾ ਪੁਲਿਸ ਨੇ ਲਗਭਗ 16 ਤੋਂ 17 ਲੋਕਾਂ ‘ਤੇ ਕੇਸ ਦਰਜ ਕੀਤਾ ਹੈ ਜਦੋਂ ਕਿ ਕੁਝ ਅਣਪਛਾਤੇ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂ ਇਸ ਬਾਰੇ ਐੱਸਐੱਚਓ ਥਾਣਾ ਸਦਰ ਫਾਜ਼ਿਲਕਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ।