ਫਾਜ਼ਿਲਕਾ : ਘਰ ਦੀ ਛੱਤ ਡਿਗਣ ਨਾਲ ਦਾਦੀ-ਪੋਤੇ ਦੀ ਮੌਤ, ਰਾਤ ਇਕ ਵਜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ

0
2606

ਫਾਜ਼ਿਲਕਾ| ਫਾਜ਼ਿਲਕਾ ਦੇ ਮੰਡੀ ਅਰਨੀ ਵਾਲਾ ਵਿੱਚ ਇੱਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 2 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 5 ਸਾਲਾ ਬੱਚਾ ਅਤੇ 60 ਸਾਲਾ ਔਰਤ ਸ਼ਾਮਲ ਹੈ। ਪਰਿਵਾਰ ਦੇ 4 ਮੈਂਬਰ ਸੁੱਤੇ ਪਏ ਸਨ ਜਦੋਂ ਰਾਤ ਕਰੀਬ ਇੱਕ ਵਜੇ ਅਚਾਨਕ ਕਮਰੇ ਦੀ ਛੱਤ ਡਿੱਗ ਗਈ।

ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਜਤ ਮਹਿੰਦੀ ਰੱਤਾ ਨੇ ਦੱਸਿਆ ਕਿ ਰਾਤ ਨੂੰ ਅਚਾਨਕ ਉਸ ਦੀ ਅੱਖ ਖੁੱਲ੍ਹਣ ‘ਤੇ ਉਹ ਉੱਪਰ ਬਾਥਰੂਮ ਗਿਆ ਸੀ। ਇਸ ਦੌਰਾਨ ਕਮਰੇ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬੇ ਜਾਣ ਕਾਰਨ ਉਸ ਦੇ 5 ਸਾਲਾ ਪੁੱਤਰ ਦੀਵਾਂਸ਼ ਅਤੇ ਮਾਤਾ ਕ੍ਰਿਸ਼ਨਾ ਰਾਣੀ ਪਤਨੀ ਸੁਭਾਸ਼ ਚੰਦਰ ਉਮਰ ਕਰੀਬ 60 ਸਾਲ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਰਜਤ ਦੀ ਪਤਨੀ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਈ ਹੈ।

ਰਜਤ ਮਹਿੰਦੀ ਰੱਤਾ ਨੇ ਦੱਸਿਆ ਕਿ ਛੱਤ ਡਿੱਗਣ ਸਮੇਂ ਉਸ ਨੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੀਤੀ, ਪਰ ਛੱਤ ਦਾ ਮਲਬਾ ਜ਼ਿਆਦਾ ਹੋਣ ਕਰ ਕੇ ਉਹ ਛੱਤ ਹੇਠਾਂ ਦੱਬ ਗਏ ਅਤੇ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਆਂਢ ਗੁਆਂਢ ਦੇ ਲੋਕਾਂ ਨੇ ਫਟਾਫਟ ਮਲਬਾ ਹਟਾਇਆ, ਪਰ ਉਦੋਂ ਤੱਕ ਬੱਚੇ ਅਤੇ ਮਾਤਾ ਕ੍ਰਿਸ਼ਨਾ ਰਾਣੀ ਦੀ ਮੌਤ ਹੋ ਚੁੱਕੀ ਸੀ।