ਅੰਮ੍ਰਿਤਸਰ ‘ਚ ਪਿਤਾ ਦੀ ਕਰਤੂਤ : ਪਹਿਲਾਂ ਜਵਾਈ ਤੋਂ ਕਰਵਾਇਆ ਆਪਣੀ ਛੋਟੀ ਬੇਟੀ ਨਾਲ ਜਬਰ ਜ਼ਨਾਹ, ਫਿਰ ਹੋਰਾਂ ਅੱਗੇ ਪਰੋਸਿਆ

0
1228

ਅੰਮ੍ਰਿਤਸਰ, 18 ਦਸੰਬਰ| ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕਸਬਾ ਘਰਿੰਡਾ ਦੀ ਰਹਿਣ ਵਾਲੀ 23 ਸਾਲਾ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਪਿਤਾ ਖੁਦ ਹੀ ਆਪਣੀ ਧੀ ਦਾ ਦੁਸ਼ਮਣ ਬਣ ਗਿਆ ਅਤੇ ਆਪਣੀ ਧੀ ਦਾ ਦੇਹ ਦਾ ਵਪਾਰ ਕਰਨ ਲੱਗਾ। ਪਹਿਲਾਂ ਉਸ ਨੇ ਆਪਣੀ ਛੋਟੀ ਧੀ ਨੂੰ ਆਪਣੇ ਜਵਾਈ ਸਾਹਮਣੇ ਪੇਸ਼ ਕੀਤਾ ਅਤੇ ਫਿਰ ਉਸ ਨੂੰ ਕੁਝ ਹੋਰ ਲੋਕਾਂ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਰਾਤ ਨੂੰ ਜੀਜਾ ਕਮਰੇ ਵਿੱਚ ਵੜਿਆ
ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਮੇਲਾ ਦੇਖਣ ਗਿਆ ਹੋਇਆ ਸੀ। ਮੇਲਾ ਦੇਖ ਕੇ ਉਸ ਦੀ ਮਾਂ ਤੇ ਭੈਣਾਂ ਨਾਨਕੇ ਘਰ ਚਲੀਆਂ ਗਈਆਂ। ਉਹ ਅਤੇ ਉਸਦਾ ਪਿਤਾ ਘਰ ਵਿੱਚ ਇਕੱਲੇ ਸਨ। ਉਸੇ ਦਿਨ ਉਸ ਦਾ ਜੀਜਾ ਉਨ੍ਹਾਂ ਦੇ ਘਰ ਆਇਆ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਸਦੇ ਪਿਤਾ ਨਾਲ ਕਮਰੇ ਵਿੱਚ ਸੌਂ ਗਿਆ। ਉਹ ਦੂਜੇ ਕਮਰੇ ਵਿਚ ਇਕੱਲੀ ਸੁੱਤੀ ਪਈ ਸੀ। ਰਾਤ ਇਕ ਵਜੇ ਜੀਜਾ ਕਮਰੇ ਵਿਚ ਆਇਆ ਅਤੇ ਉਸ ਨੂੰ ਫੜ ਕੇ ਉਸ ਦੇ ਕੱਪੜੇ ਉਤਾਰ ਦਿੱਤੇ ਤੇ ਉਸ ਨਾਲ ਜਬਰ ਜ਼ਨਾਹ ਕੀਤਾ। ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ।

ਪੀੜਤਾ ਨੇ ਦੋਸ਼ ਲਾਇਆ ਕਿ ਉਸ ਸਮੇਂ ਉਸ ਦਾ ਪਿਤਾ ਵੀ ਜਾਗ ਰਿਹਾ ਸੀ। ਉਸ ਦੇ ਪਿਤਾ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਪਰ ਉਸ ਦੀ ਕੋਈ ਮਦਦ ਨਹੀਂ ਕੀਤੀ, ਉਲਟਾ ਉਸ ਨੇ ਉਸ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ।

ਕੁਝ ਸਮੇਂ ਬਾਅਦ ਉਹ ਗਰਭਵਤੀ ਹੋ ਗਈ। ਇਸ ਸਬੰਧੀ ਉਸ ਨੇ ਆਪਣੀ ਮਾਸੀ ਨਾਲ ਗੱਲ ਕੀਤੀ। ਉਸ ਦੀ ਮਾਸੀ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਕਿਹਾ। ਇਸ ਤੋਂ ਬਾਅਦ ਉਸ ਦੀ ਮਾਸੀ ਨੇ ਉਸ ਨੂੰ ਦਵਾਈ ਦੇ ਦਿੱਤੀ, ਜਿਸ ਕਾਰਨ ਉਸ ਦਾ ਗਰਭ ਡਿੱਗ ਗਿਆ। ਖੂਨ ਵਗਣ ਲੱਗਾ ਤਾਂ ਉਹ ਬੇਹੋਸ਼ ਹੋ ਗਈ। ਉਸਦੀ ਮਾਸੀ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਈ।

ਪੈਸਿਆਂ ਦੀ ਲੋੜ ਦੱਸ ਕੇ ਟਾਪਸ ਵੇਚੇ
ਕੁਝ ਦਿਨਾਂ ਬਾਅਦ ਉਸ ਦੇ ਪਿਤਾ ਨੇ ਕਿਹਾ ਕਿ ਜੇ ਉਸ ਨੂੰ ਪੈਸਿਆਂ ਦੀ ਲੋੜ ਹੈ, ਤਾਂ ਉਹ ਆਪਣੇ ਕੰਨਾਂ ਦੇ ਟਾਪਸ ਵੇਚ ਦੇਵੇ। ਉਹ ਆਪਣੇ ਪਿਤਾ ਨਾਲ ਸੁਨਿਆਰੇ ਦੀ ਦੁਕਾਨ ‘ਤੇ ਗਈ ਅਤੇ ਟਾਪਸ ਵੇਚ ਦਿੱਤੇ। ਵਾਪਸ ਆਉਂਦੇ ਸਮੇਂ ਸ਼ਾਮ 4 ਵਜੇ ਦੇ ਕਰੀਬ ਉਸ ਦੇ ਪਿਤਾ ਉਸ ਨੂੰ ਸੰਧੂ ਪੈਲੇਸ ਲੈ ਗਏ। ਉੱਥੇ ਉਸ ਨੂੰ ਇੱਕ ਕਮਰੇ ਵਿੱਚ ਬਿਠਾਇਆ ਗਿਆ।

ਮਠਿਆਈ ਦੀ ਦੁਕਾਨ ਦੇ ਮਾਲਕ ਸ਼ਮਸ਼ੇਰ ਸਿੰਘ ਅਤੇ ਟੈਂਟ ਹਾਊਸ ਦੇ ਮਾਲਕ ਦਿਲਬਾਗ ਸਿੰਘ ਨੇ ਉਸ ਦੇ ਕਮਰੇ ਵਿੱਚ ਆ ਕੇ ਉਸ ਨਾਲ ਜਬਰ ਜ਼ਨਾਹ ਕੀਤਾ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਥਾਣਾ ਘਰਿੰਡਾ ਦੀ ਪੁਲਿਸ ਨੇ ਪੀੜਤ ਲੜਕੀ ਦੇ ਪਿਤਾ, ਜੀਜਾ, ਮਾਸੀ, ਮੁਲਜ਼ਮ ਸ਼ਮਸ਼ੇਰ ਸਿੰਘ ਅਤੇ ਦਿਲਬਾਗ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।