ਬਾਪ ਬਣਿਆ ਹੈਵਾਨ : ਨਾਬਾਲਗ ਭੈਣਾਂ ਬੋਲੀਆਂ-ਮੂੰਹ ’ਚ ਕੱਪੜਾ ਤੁੰਨ ਕੇ ਕਰਦਾ ਹੈ ਬਲਾਤਕਾਰ, ਜ਼ਬਰਦਸਤੀ ਪਿਲਾਉਂਦਾ ਹੈ ਸ਼ਰਾਬ ਤੇ ਸਿਗਰਟਾਂ

0
707

ਖੰਨਾ। ਪੰਜਾਬ ਦੇ ਖੰਨਾ ਦੀਆਂ ਦੋ ਨਾਬਾਲਗ ਭੈਣਾਂ ਨੇ ਆਪਣੇ ਪਿਤਾ ਉਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਪਿਤਾ ਉਤੇ ਲੰਮੇ ਸਮੇਂ ਤੋਂ ਬਲਾਤਕਾਰ ਕਰਨ ਦੇ ਦੋਸ਼ ਹਨ। ਇਸਦੀ ਸ਼ਿਕਾਇਤ ਖੰਨਾ ਦੇ ਐੱਸਐੱਸਪੀ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਦਿੱਤੀ ਗਈ ਹੈ। ਡੀਐੱਸਪੀ ਵਿਲੀਅਮ ਜੇਜੀ, ਮਹਿਲਾ ਇੰਸਪੈਕਟਰ ਰਾਜ ਪਰਮਿੰਦਰ ਕੌਰ, ਐੱਸਐੱਚਓ ਅਮ੍ਰਿਤਪਾਲ ਸਿੰਘ ਦੇ ਨਾਲ ਭਾਰੀ ਪੁਲਿਸ ਬਲ ਦੋਵਾਂ ਭੈਣਾਂ ਦੇ ਬਿਆਨ ਕਲਮਬੱਧ ਕਰਨ ਪਹੁੰਚਿਆ। ਪੁਲਿਸ ਅਧਿਕਾਰੀਆਂ ਨੇ ਦੋਵਾਂ ਭੈਣਾਂ ਨੂੰ ਵੱਖ-ਵੱਖ ਬੁਲਾ ਕੇ ਬਿਆਨ ਲਏ ਹਨ।

ਜਾਣਕਾਰੀ ਅਨੁਸਾਰ ਦੋਵੇਂ ਨਾਬਾਲਗ ਭੈਣਾਂ 10 ਤੇ 15 ਸਾਲ ਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ। ਪਿਛਲੇ ਕਈ ਸਾਲਾਂ  ਤੋਂ ਉਨ੍ਹਾਂ ਨਾਲ ਮੂੰਹ ਵਿਚ ਕੱਪੜਾ ਤੁੰਨ ਕੇ ਬਲਾਤਕਾਰ ਕਰਦਾ ਆ ਰਿਹਾ ਹੈ। ਇਸਦੇ ਇਲਾਵਾ ਕੁੱਟਮਾਰ ਵੀ ਕਰਦਾ ਹੈ। ਦੋਵਾਂ ਬੱਚੀਆਂ ਨੇ ਆਪਣੇ ਪਿਤਾ ਖਿਲਾਫ  ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਲੜਕੀਆਂ ਨੇ ਦੱਸਿਆ ਕਿ ਬਲਾਤਕਾਰ ਤੋਂ ਪਹਿਲਾਂ ਜ਼ਬਰਦਸਤੀ ਸ਼ਰਾਬ ਤੇ ਸਿਗਰਟ ਵੀ ਪਿਲਾਉਂਦਾ ਹੈ। ਜਦੋਂ ਇਸ ਸਬੰਧ ਵਿਚ ਡੀਐੱਸਪੀ ਖੰਨਾ ਵਿਲੀਅਮ ਜੇਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋਵਾਂ ਬੱਚੀਆਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਇਸ ਸਬੰਧ ਵਿਚ ਉਚਿਤ ਕਾਰਵਾਈ ਕਰ ਰਹੀ ਹੈ।