ਚੰਡੀਗੜ੍ਹ, 31 ਦਸੰਬਰ | ਬੇਟੀ ਦੇ ਜਨਮ ਦਿਨ ਦੀ ਪਾਰਟੀ ‘ਚ ਮਾਮੂਲੀ ਤਕਰਾਰ ਤੋਂ ਬਾਅਦ ਚਾਰ ਨੌਜਵਾਨਾਂ ਨੇ ਛਾਤੀ ‘ਤੇ ਚਾਕੂ ਨਾਲ ਵਾਰ ਕਰ ਕੇ ਪਿਤਾ ਦਾ ਕਤਲ ਕਰ ਦਿੱਤਾ, ਜਦਕਿ ਉਸ ਦੇ ਤਿੰਨ ਦੋਸਤ ਗੰਭੀਰ ਜ਼ਖਮੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਹ ਘਟਨਾ ਸੋਮਵਾਰ ਦੇਰ ਰਾਤ 10 ਵਜੇ ਸੈਕਟਰ-25 ਵਿਚ ਵਾਪਰੀ। ਮ੍ਰਿਤਕ ਦੀ ਪਛਾਣ ਸ਼ੁਭਮ ਵਜੋਂ ਹੋਈ ਹੈ, ਜਦਕਿ ਉਸ ਦੇ ਤਿੰਨ ਦੋਸਤਾਂ ਭਰਤ, ਸਾਹਿਲ ਅਤੇ ਗੋਲਡੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ੁਭਮ ਦੀ ਬੇਟੀ ਪ੍ਰਿਯਾਂਸ਼ੀ ਦੇ 6ਵੇਂ ਜਨਮਦਿਨ ਦੇ ਮੌਕੇ ‘ਤੇ ਘਰ ‘ਚ ਪਾਰਟੀ ਦਾ ਆਯੋਜਨ ਕੀਤਾ ਗਿਆ। ਰਾਤ ਕਰੀਬ 10 ਵਜੇ ਪਾਰਟੀ ਤੋਂ ਬਾਅਦ ਸ਼ੁਭਮ ਆਪਣੇ ਦੋਸਤਾਂ ਨਾਲ ਬਾਹਰ ਨਿਕਲਿਆ ਤਾਂ ਬਿੰਦਰ, ਦੀਪ, ਗੋਲੂ ਮੁਖਬੀਰ ਅਤੇ ਕੇਟੀ ਨੇ ਉਸ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਸ਼ੁਭਮ ਦੀ ਛਾਤੀ ’ਤੇ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਘਟਨਾ ਤੋਂ ਬਾਅਦ ਸ਼ੁਭਮ ਅਤੇ ਉਸ ਦੇ ਦੋਸਤਾਂ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸ਼ੁਭਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੋਲਡੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਮ੍ਰਿਤਕ ਸ਼ੁਭਮ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਸੈਕਟਰ-25 ਵਿਚ ਅਪਰਾਧਿਕ ਗਤੀਵਿਧੀਆਂ ਵਧ ਰਹੀਆਂ ਹਨ ਪਰ ਪੁਲਿਸ ਦੀ ਗਸ਼ਤ ਅਤੇ ਨਿਗਰਾਨੀ ਨਾਕਾਫ਼ੀ ਸਾਬਤ ਹੋ ਰਹੀ ਹੈ।
ਡੀਐਸਪੀ ਉਦੈਪਾਲ ਨੇ ਦੱਸਿਆ ਕਿ ਕਤਲ ਚਾਕੂ ਨਾਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕ4ਰ ਲਿਆ ਜਾਵੇਗਾ।