2 ਬੱਚਿਆਂ ਦੇ ਬਾਪ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ, ਪਰਿਵਾਰ ਦੇ ਵੈਣਾਂ ਨਾਲ ਪਿੰਡ ‘ਚ ਪਸਰਿਆ ਸੋਗ

0
785

ਤਰਨਤਾਰਨ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੇਮਕਰਨ ਹਲਕੇ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਪੂਹਲਾ ਵਿਚੋਂ ਇਹ ਦੁਖਦਾਈ ਖਬਰ ਆਈ ਹੈ, ਜਿਥੇ 45 ਸਾਲ ਦੇ ਰਵੇਲ ਸਿੰਘ ਪੁੱਤਰ ਸ਼ੇਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੇ 2 ਬੱਚੇ ਵੀ ਹਨ। ਦੱਸਿਆ ਜਾ ਰਿਹਾ ਕਿ ਮ੍ਰਿਤਕ ਆਪਣੇ ਸਹੁਰੇ ਪਿੰਡ ਬੋਹੜੁ ਵਿਖੇ ਕੰਮਕਾਰ ਕਰਦਾ ਸੀ ਅਤੇ ਪਿੰਡ ਪੂਹਲਾ ਵਿਖੇ ਆਇਆ ਹੋਇਆ ਸੀ, ਜਿਥੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ, ਜਿਸ ਕਰਕੇ ਜਾਨ ਚੱਲੀ ਗਈ। ਪਰਿਵਾਰ ਦੇ ਵੈਣਾਂ ਨਾਲ ਸਾਰਾ ਪਿੰਡ ਸੋਗਮਈ ਹੋ ਗਿਆ।

ਪਰਿਵਾਰ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਨਸ਼ਾ ਕਰ ਰਿਹਾ ਸੀ, ਜਿਸ ਕਰਕੇ ਅੱਜ ਵੀ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਸੀ ਜੋ ਉਸਦੀ ਮੌਤ ਦਾ ਕਾਰਨ ਬਣ ਗਿਆ। ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਸੀਤਾ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਜਿਹੇ ਲੋਕਾਂ ਖਿਲਾਫ ਲਗਾਤਾਰ ਕਾਰਵਾਈਆਂ ਕਰ ਰਹੀ ਹੈ, ਜੋ ਨਸ਼ੇ ਦਾ ਧੰਦਾ ਕਰਦੇ ਹਨ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਵੇਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪੂਹਲਾ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਰਵੇਲ ਸਿੰਘ ਸਹੁਰੇ ਪਿੰਡ ਬਹੋੜੂ ਵਿਖੇ 6 ਮਹੀਨਿਆਂ ਤੋਂ ਦਰਜ਼ੀ ਦਾ ਕੰਮ ਕਰਕੇ ਘਰ ਨੂੰ ਚਲਾ ਰਿਹਾ ਸੀ। 3 ਦਿਨ ਪਹਿਲਾਂ ਉਹ ਆਪਣੇ ਪਿੰਡ ਪੂਹਲਾ ਵਿਖੇ ਆਇਆ ਤੇ ਉਸ ਤੋਂ ਬਹਾਨੇ ਨਾਲ 500 ਰੁਪਏ ਲੈ ਕੇ ਪਿੰਡ ਵਿਚ ਹੈਰੋਇਨ ਦਾ ਟੀਕਾ ਲਾ ਲਿਆ ਤੇ ਮੌਤ ਹੋ ਗਈ।

ਵੇਖੋ ਵੀਡੀਓ