ਮੁਕਤਸਰ/ਬਠਿੰਡਾ | ਮੁਕਤਸਰ ਜ਼ਿਲ੍ਹੇ ਦੇ ਮਲੋਟ ਇਲਾਕੇ ਦੇ ਪਿੰਡ ਮਾਹੂਆਣਾ ਵਿੱਚ ਇੱਕ ਵਿਅਕਤੀ ਨੇ ਆਪਣੀ 24 ਸਾਲਾ ਧੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕਾਂ ਦੀ ਪਛਾਣ ਜਗਵਿੰਦਰ ਸਿੰਘ ਤੇ ਵਿਸ਼ਵਦੀਪ ਕੌਰ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਮਾਂ ਤੇ ਪਤਨੀ ਦੀ ਕੋਰੋਨਾ ਕਾਰਨ ਹੋਈ ਮੌਤ ਤੋਂ ਪ੍ਰੇਸ਼ਾਨ ਹੋ ਕੇ ਜਗਵਿੰਦਰ ਸਿੰਘ ਨੇ ਇਹ ਖੌਫਨਾਕ ਕਦਮ ਚੁੱਕਿਆ।
ਮਾਹੂਆਣਾ ਪੰਚਾਇਤ ਦੇ ਸਾਬਕਾ ਸਰਪੰਚ ਜਗਵਿੰਦਰ ਸਿੰਘ ਨੇ ਸ਼ੁੱਕਰਵਾਰ ਸਵੇਰੇ 6.30 ਵਜੇ ਆਪਣੀ ਸੁੱਤੀ ਪਈ 24 ਸਾਲਾ ਧੀ ਵਿਸ਼ਵਦੀਪ ਕੌਰ ਦੇ ਸਿਰ ਵਿੱਚ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਖੁਦ ਵੀ ਸਿਰ ਵਿੱਚ ਗੋਲੀ ਮਾਰ ਲਈ।
ਘਟਨਾ ਸਮੇਂ ਜਗਵਿੰਦਰ ਸਿੰਘ ਦੀ ਭੈਣ ਤੇ ਭਤੀਜਾ ਅਨਮੋਲ ਸਿੰਘ ਜੋ ਕਿ ਘਰ ਵਿੱਚ ਹੀ ਰਹਿੰਦੇ ਸਨ, ਮੱਝਾਂ ਦਾ ਦੁੱਧ ਚੋਅ ਰਹੇ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਅਨਮੋਲ ਸਿੰਘ ਭੱਜ ਕੇ ਕੋਠੀ ਦੇ ਅੰਦਰ ਗਿਆ ਤਾਂ ਉਥੇ ਪਿਓ-ਧੀ ਖੂਨ ਨਾਲ ਲੱਥਪਥ ਪਏ ਸਨ।
ਅਨਮੋਲ ਸਿੰਘ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਬੁਲਾਇਆ ਤੇ ਕਾਹਲੀ ਵਿੱਚ ਪਿਓ-ਧੀ ਨੂੰ ਕਾਰ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ। ਜਗਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ, ਜਿਸ ਦੀ ਬਠਿੰਡਾ ਲਿਜਾਂਦੇ ਸਮੇਂ ਮੌਤ ਹੋ ਗਈ। ਵਿਸ਼ਵਦੀਪ ਕੌਰ ਨੂੰ ਡਾਕਟਰਾਂ ਨੇ ਲੁਧਿਆਣਾ ਰੈਫਰ ਕਰ ਦਿੱਤਾ, ਜਿਸ ਦੀ ਲੁਧਿਆਣਾ ਪਹੁੰਚਣ ‘ਤੇ ਹਸਪਤਾਲ ‘ਚ ਮੌਤ ਹੋ ਗਈ।
ਦੋਹਰੀ ਖੁਦਕੁਸ਼ੀ ਦੀ ਖ਼ਬਰ ਮਿਲਦਿਆਂ ਹੀ ਮੁਕਤਸਰ ਜ਼ਿਲ੍ਹੇ ਦੇ ਥਾਣਾ ਲੰਬੀ ਦੀ ਪੁਲਿਸ ਨੇ ਪਿੰਡ ਮਾਹੂਆਣਾ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੰਬੀ ਥਾਣੇ ਦੇ ਐੱਸਐੱਚਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੇ ਭਤੀਜੇ ਅਨਮੋਲ ਸਿੰਘ ਦੇ ਬਿਆਨਾਂ ’ਤੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਅਨਮੋਲ ਸਿੰਘ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੀ ਮਾਤਾ ਦੀ 6 ਮਹੀਨੇ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਗਈ ਸੀ। ਕਰੀਬ 10 ਦਿਨ ਪਹਿਲਾਂ ਜਗਵਿੰਦਰ ਸਿੰਘ ਦੀ ਪਤਨੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਸਿਰਫ ਜਗਵਿੰਦਰ ਸਿੰਘ ਤੇ ਵਿਸ਼ਵਦੀਪ ਕੌਰ ਹੀ ਰਹਿ ਗਏ ਸਨ। ਮਾਂ ਤੇ ਪਤਨੀ ਦੀ ਮੌਤ ਤੋਂ ਬਾਅਦ ਜਗਵਿੰਦਰ ਸਿੰਘ ਨੂੰ ਚਿੰਤਾ ਸਤਾਉਣ ਲੱਗੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਅਨਮੋਲ ਸਿੰਘ ਨੇ ਦੱਸਿਆ ਕਿ ਮਾਂ ਤੇ ਪਤਨੀ ਦੀ ਮੌਤ ਤੋਂ ਬਾਅਦ ਚਾਚਾ ਜਗਵਿੰਦਰ ਸਿੰਘ ਨੇ ਉਸ ਨੂੰ ਆਪਣੀ ਜ਼ਮੀਨ ਦੀ ਦੇਖਭਾਲ ਲਈ ਮਾਹੂਆਣਾ ਬੁਲਾਇਆ ਸੀ। ਉਹ ਕੁਝ ਦਿਨਾਂ ਤੋਂ ਮਾਹੂਆਣਾ ਵਿੱਚ ਰਹਿ ਕੇ ਜ਼ਮੀਨਾਂ ਤੇ ਪਸ਼ੂਆਂ ਦੀ ਦੇਖ-ਭਾਲ ਕਰ ਰਿਹਾ ਸੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ