ਫਤਿਹਗੜ੍ਹ ਸਾਹਿਬ : ਇਕ ਏਕੜ ਜ਼ਮੀਨ ਦੇ ਲਾਲਚ ‘ਚ ਪੋਤੇ ਨੇ ਦਾਦੇ ਦਾ ਤਲਵਾਰ ਨਾਲ ਕੀਤਾ ਕਤਲ

0
1171

ਫਤਿਹਗੜ੍ਹ ਸਾਹਿਬ | ਜ਼ਿਲੇ ਦੇ ਪਿੰਡ ਰਸੂਲਪੁਰ ‘ਚ ਜ਼ਮੀਨ ਲਈ 24 ਸਾਲਾ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਡੀਐਸਪੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਰਸੂਲਪੁਰ ਦੇ ਵਸਨੀਕ ਜਸਵੰਤ ਸਿੰਘ (62) ਦੇ ਕਤਲ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਭਤੀਜੇ ਬਲਜੀਤ ਸਿੰਘ ਨੇ ਕੀਤਾ ਹੈ। ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਜਸਵੰਤ ਸਿੰਘ ਕੋਲ 9 ਏਕੜ ਜ਼ਮੀਨ ਸੀ। ਉਸ ਨੇ ਆਪਣੇ ਦੋ ਪੁੱਤਰਾਂ ਵਿੱਚ ਤਿੰਨ-ਤਿੰਨ ਏਕੜ ਜ਼ਮੀਨ ਵੰਡ ਲਈ ਸੀ ਅਤੇ ਤਿੰਨ ਏਕੜ ਜ਼ਮੀਨ ਆਪਣੇ ਕੋਲ ਰੱਖ ਲਈ ਸੀ। ਉਸ ਨੂੰ ਪਤਾ ਲੱਗਾ ਕਿ ਦਾਦਾ ਜੀ ਆਪਣੇ ਹਿੱਸੇ ਦੀ ਤਿੰਨ ਏਕੜ ਜ਼ਮੀਨ ਆਪਣੇ ਦੋ ਪੁੱਤਰਾਂ ਵਿਚਕਾਰ ਬਰਾਬਰ ਵੰਡਣ ਦੀ ਬਜਾਏ ਆਪਣੀ ਇੱਕ ਨੂੰਹ ਦੇ ਨਾਂ ਕਰਵਾਉਣਾ ਚਾਹੁੰਦੇ ਸਨ। ਇਸ ਤੋਂ ਦੁਖੀ ਹੋ ਕੇ ਬਲਜੀਤ ਸਿੰਘ ਨੇ ਪਹਿਲਾਂ ਤਾਂ ਆਤਮਹੱਤਿਆ ਕਰਨ ਬਾਰੇ ਸੋਚਿਆ ਪਰ ਫਿਰ ਉਸ ਨੇ ਸੋਚਿਆ ਕਿ ਜੇ ਦਾਦਾ ਮਾਰ ਦਿੱਤਾ ਜਾਵੇ ਤਾਂ ਜ਼ਮੀਨ ਬਚ ਸਕਦੀ ਹੈ। ਇਸ ਲਈ ਉਸ ਨੇ ਆਪਣੇ ਦਾਦੇ ਨੂੰ ਮਾਰਨ ਦੀ ਯੋਜਨਾ ਬਣਾਈ। ਉਹ ਸਵੇਰੇ ਪੰਜ ਵਜੇ ਖੇਤ ‘ਚ ਲੁਕ ਕੇ ਬੈਠ ਗਿਆ। ਜਦੋਂ ਦਾਦਾ ਜਸਵੰਤ ਸਿੰਘ ਖੇਤ ‘ਚ ਕੰਮ ਕਰਨ ਲਈ ਪਹੁੰਚਿਆ ਤਾਂ ਸਿਰ ‘ਚ ਕਿਰਪਾਨ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।