ਫ਼ਤਿਹਗੜ੍ਹ ਸਾਹਿਬ : ਚਾਰ ਵਿਅਕਤੀਆਂ ਵਲੋਂ 55 ਸਾਲਾ ਮਹਿਲਾ ਦਾ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ

0
3095

ਫ਼ਤਿਹਗੜ੍ਹ ਸਾਹਿਬ । ਅਮਲੋਹ ਦੇ ਵਾਰਡ ਨੰਬਰ-13 ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਔਰਤ ਦਾ ਕਤਲ 4 ਵਿਅਕਤੀਆਂ ਵਲੋਂ ਕੀਤਾ ਗਿਆ ਹੈ। ਮ੍ਰਿਤਕ ਔਰਤ ਦੀ ਪਛਾਣ ਭੋਲੀ ਗੋਇਲ(55) ਪਤਨੀ ਧਰਮਵੀਰ ਗੋਇਲ ਦੇ ਤੌਰ ’ਤੇ ਕੀਤੀ ਗਈ ਹੈ। ਇਸ ਕਤਲ ਦੀ ਵਾਰਦਾਤ ਮਗਰੋਂ ਲੋਕਾਂ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਚੁਬਾਰੇ ’ਤੇ ਰਹਿੰਦਾ ਹੈ, ਜਦੋਂ ਕਿ ਉਸ ਦੇ ਮਾਂ-ਪਿਓ ਹੇਠਾਂ ਰਹਿੰਦੇ ਹਨ।

ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਮਾਂ ਕੋਲ ਬੈਠਾ ਹੋਇਆ ਸੀ। ਮਾਂ ਨੇ ਕਿਹਾ ਕਿ ਉਹ ਹੁਣ ਸੌਣਾ ਚਾਹੁੰਦੀ ਹੈ ਤਾਂ ਉਹ ਉੱਠ ਕੇ ਚੁਬਾਰੇ ’ਤੇ ਚਲੇ ਗਏ। ਫਿਰ ਉਸ ਨੂੰ ਮਾਂ ਦੀਆਂ ਚੀਕਾਂ ਸੁਣਾਈ ਦਿੱਤੀਆਂ ਤੇ ਉਹ ਫਟਾਫਟ ਭੱਜ ਕੇ ਹੇਠਾਂ ਮਾਂ ਦੇ ਕਮਰੇ ’ਚ ਆਏ। ਉਸਨੇ ਦੇਖਿਆ ਕਿ ਖੂਨ ਨਾਲ ਲਿੱਬੜੇ ਚਾਕੂ ਹੱਥਾਂ ’ਚ ਫੜ੍ਹ ਕੇ 4 ਲੋਕ ਖੜ੍ਹੇ ਸਨ, ਜਿਨ੍ਹਾਂ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਸੀ। ਉਕਤ ਲੋਕਾਂ ਨੇ ਉਸ ਨਾਲ ਵੀ ਹੱਥੋਪਾਈ ਕੀਤੀ ਅਤੇ ਇਕ ਵਿਅਕਤੀ ਨੇ ਉਸ ਦੇ ਚਾਕੂ ਵੀ ਮਾਰ ਦਿੱਤਾ। ਇਸ ਤੋਂ ਬਾਅਦ ਉਹ ਚਾਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।

ਇਸ ਸਬੰਧੀ ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਔਰਤ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।