ਮਾਮੂਲੀ ਜਿਹੀ ਗੱਲ ਪਿੱਛੇ ਬੇਕਰੀ ‘ਚ ਕੰਮ ਕਰਦੇ ਮੁੰਡੇ ‘ਤੇ ਜਾਨਲੇਵਾ ਹਮਲਾ, ਰਾਹ ‘ਚ ਘੇਰ ਮਾਰੀਆਂ ਸੱਟਾਂ

0
284

ਚੰਡੀਗੜ੍ਹ, 1 ਅਕਤੂਬਰ | ਸੈਕਟਰ 49 ‘ਚ ਬੇਕਰੀ ਦੇ ਮੁਲਾਜ਼ਮ ‘ਤੇ ਚਾਕੂ ਤੇ ਕੜੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਵਿਕਾਸ ਦੇ ਬਿਆਨਾਂ ਦੇ ਆਧਾਰ ‘ਤੇ ਸੁਜਲ ਤੇ ਕਮਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਵਿਕਾਸ ਕੰਮ ਖਤਮ ਕਰ ਕੇ ਘਰ ਪਰਤ ਰਿਹਾ ਸੀ।

ਸੈਕਟਰ 49 ਦੇ ਵਸਨੀਕ ਸੁਦਾਮਾ ਪੁੱਤਰ ਵਿਕਾਸ ਨੇ ਦੱਸਿਆ ਕਿ ਉਹ ਬੇਕਰੀ ਵਿਚ ਕੰਮ ਕਰਦਾ ਹੈ ਅਤੇ ਰਾਤ ਨੂੰ ਕੰਮ ਖਤਮ ਕਰ ਕੇ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਆਪਣਾ ਮੋਟਰਸਾਈਕਲ ਪਾਰਕ ਕਰ ਕੇ ਪੈਦਲ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਸੁਜਲ, ਕਮਲ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਵਿਕਾਸ ‘ਤੇ ਘੂਰਨਾ ਦਾ ਦੋਸ਼ ਲਗਾਇਆ ਅਤੇ ਉਸ ‘ਤੇ ਹਮਲਾ ਕੀਤਾ।

ਵਿਕਾਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਘਰ ਹੀ ਜਾ ਰਿਹਾ ਹੈ ਪਰ ਮੁਲਜ਼ਮਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਲੜਾਈ ਦੌਰਾਨ ਕਮਲ ਨੇ ਵਿਕਾਸ ਦੀ ਗਰਦਨ ਤੋਂ ਫੜ ਲਿਆ, ਜਦੋਂਕਿ ਸੁਜਲ ਨੇ ਤਲਵਾਰ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਉਸ ‘ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਵੀ ਕੀਤਾ ਗਿਆ। ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਵਿਕਾਸ ਦੇ ਸਿਰ ਅਤੇ ਹੱਥਾਂ ‘ਤੇ ਡੂੰਘੀਆਂ ਸੱਟਾਂ ਲੱਗੀਆਂ।

ਜਦੋਂ ਵਿਕਾਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਥੋਂ ਭੱਜ ਗਏ ਪਰ ਜਾਂਦੇ ਸਮੇਂ ਉਨ੍ਹਾਂ ਧਮਕੀ ਦਿੱਤੀ ਕਿ ਅਗਲੀ ਵਾਰ ਉਹ ਉਸ ਨੂੰ ਨਹੀਂ ਬਖਸ਼ਣਗੇ। ਜ਼ਖ਼ਮੀ ਹਾਲਤ ਵਿਚ ਵਿਕਾਸ ਨੂੰ ਪੀਸੀਆਰ ਗੱਡੀ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਮਗਰੋਂ ਛੁੱਟੀ ਦੇ ਦਿੱਤੀ ਗਈ।

ਵਿਕਾਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸੁਜਲ ਪੁੱਤਰ ਓਮ ਸਿੰਘ ਤੇ ਕਮਲ ਪੁੱਤਰ ਸੰਜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਵਿਕਾਸ ਦੇ ਬਿਆਨ ਦੀ ਪੁਸ਼ਟੀ ਕੀਤੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)