ਪੰਜਾਬ ‘ਚ ਅੱਜ 50 ਥਾਵਾਂ ‘ਤੇ ਰੇਲਾਂ ਰੋਕਣਗੇ ਕਿਸਾਨ, ਇਹ ਹਨ ਮੰਗਾਂ

0
2706

ਚੰਡੀਗੜ੍ਹ, 3 ਅਕਤੂਬਰ | ਅੱਜ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਤੇ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਲਖੀਮਪੁਰ ਖੇੜੀ ਕਾਂਡ ਵਿਚ ਇਨਸਾਫ਼ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 50 ਤੋਂ ਵੱਧ ਥਾਵਾਂ ’ਤੇ ਦੋ ਘੰਟੇ ਰੇਲਾਂ ਰੋਕੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਹ ਰੇਲ ਰੋਕੋ ਅੰਦੋਲਨ ਦੁਪਹਿਰ 12:30 ਤੋਂ 2:30 ਵਜੇ ਤੱਕ ਚੱਲੇਗਾ। ਇਹ ਅੰਦੋਲਨ ਲਖੀਮਪੁਰ ਖੇੜੀ ਕਾਂਡ ਦੇ ਮੁੱਖ ਦੋਸ਼ੀ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਅਸ਼ੀਸ਼ ਮੋਨੂੰ ਮਿਸ਼ਰਾ ਨੂੰ ਸਜ਼ਾ ਨਾ ਦਿੱਤੇ ਜਾਣ ਦੇ ਵਿਰੋਧ ਅਤੇ ਐਮਐਸਪੀ ਸਮੇਤ ਬਾਕੀ 12 ਮੰਗਾਂ ਦੇ ਸਮਰਥਨ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

ਇਥੇ ਟਰੇਨਾਂ ਰੋਕਣਗੇ ਕਿਸਾਨ

ਪੰਧੇਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲਾ, ਤਰਨਤਾਰਨ ਸ਼ਹਿਰ ਅਤੇ ਜ਼ਿਲ੍ਹਾ ਤਰਨਤਾਰਨ ਵਿਚ ਪੱਟੀ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਟਾਂਡਾ ਅਤੇ ਹੁਸ਼ਿਆਰਪੁਰ ਖਾਸ, ਜ਼ਿਲ੍ਹਾ ਲੁਧਿਆਣਾ ਵਿਚ ਕਿਲਾ ਰਾਏਪੁਰ ਅਤੇ ਸਾਹਨੇਵਾਲ, ਜ਼ਿਲ੍ਹਾ ਜਲੰਧਰ ਵਿਚ ਫਿਲੌਰ ਅਤੇ ਲੋਹੀਆ ਸ਼ਾਮਲ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਤਲਵੰਡੀ ਭਾਈ, ਮੱਲਾਂਵਾਲਾਂ, ਮੱਖੂ, ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ, ਜ਼ਿਲ੍ਹਾ ਮੋਗਾ ਵਿਚ ਮੋਗਾ ਸਟੇਸ਼ਨ, ਪਟਿਆਲਾ ਵਿਚ ਪਟਿਆਲਾ ਸਟੇਸ਼ਨ, ਜ਼ਿਲ੍ਹਾ ਮੁਕਤਸਰ ਵਿਚ ਮਲੋਟ, ਜ਼ਿਲ੍ਹਾ ਕਪੂਰਥਲਾ ਵਿਚ ਹਮੀਰਾ ਅਤੇ ਸੁਲਤਾਨਪੁਰ, ਜ਼ਿਲ੍ਹਾ ਸੰਗਰੂਰ ਵਿਚ ਸੁਨਾਮ, ਜ਼ਿਲ੍ਹਾ ਮਾਲੇਰਕੋਟਲਾ ਵਿਚ ਅਹਿਮਦਗੜ੍ਹ ਮੰਡੀ,  ਫਰੀਦਕੋਟ ਸ਼ਹਿਰ, ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਅਤੇ ਪਠਾਨਕੋਟ ਜ਼ਿਲ੍ਹੇ ਦੇ ਪਰਮਾਨੰਦ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਤਿੰਨ ਥਾਵਾਂ ਤੋਂ ਇਲਾਵਾ ਹਰਿਆਣਾ ਵਿਚ ਤਿੰਨ ਥਾਵਾਂ, ਰਾਜਸਥਾਨ ਵਿਚ ਦੋ ਥਾਵਾਂ, ਤਾਮਿਲਨਾਡੂ ਵਿੱਚ ਦੋ ਥਾਵਾਂ ਤੇ ਮੱਧ ਪ੍ਰਦੇਸ਼ ਵਿਚ ਦੋ ਥਾਵਾਂ ’ਤੇ ਰੇਲਾਂ ਰੋਕੀਆਂ ਜਾਣਗੀਆਂ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)